ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਰਾਸ਼ਟਰਪਤੀ ਚੋਣ 'ਚ ਇਸ ਵਾਰ ਨੌਜਵਾਨ ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ 20 ਸਾਲਾਂ ਦੇ ਚੋਣ ਇਤਿਹਾਸ ਵਿਚ ਇਸ ਵਾਰ ਨੌਜਵਾਨ ਵੋਟਰਾਂ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੋਵੇਗੀ।

ਹਾਰਵਰਡ ਯੂਨੀਵਰਸਿਟੀ ਦੇ ਇੰਸਟੀਚਿਊਟ ਆਫ ਪੋਲੀਟਿਕਸ ਨੇ ਦੇਸ਼ ਵਿਚ 18 ਤੋਂ 29 ਸਾਲ ਦੇ ਵੋਟਰਾਂ ਵਿਚਕਾਰ ਦੇਸ਼-ਪੱਧਰੀ ਸਰਵੇ ਕੀਤਾ ਹੈ। ਸਰਵੇ ਮੁਤਾਬਕ ਇਸ ਵਾਰ ਨੌਜਵਾਨ ਵੋਟਰਾਂ ਵਿਚ ਇਤਿਹਾਸਕ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਚੋਣਾਂ ਪਿੱਛੋਂ ਨੌਜਵਾਨ ਵੋਟਰਾਂ ਦਾ ਅਜਿਹਾ ਰੁਝਾਨ ਦੇਖਿਆ ਗਿਆ ਹੈ। 2020 ਦੀ ਚੋਣ ਵਿਚ ਇਹੀ ਰੁਝਾਨ ਨੌਜਵਾਨਾਂ ਦੇ ਅਧਿਕਤਮ ਵੋਟਿੰਗ ਦੀ ਸਥਿਤੀ 'ਚ ਸਾਹਮਣੇ ਆਵੇਗਾ। ਇਸ ਵਾਰ ਦੇ ਸਰਵੇ ਵਿਚ 63 ਫ਼ੀਸਦੀ ਨੌਜਵਾਨ ਵੋਟਰਾਂ ਨੇ ਇਹ ਕਿਹਾ ਕਿ ਉਹ ਹਰ ਹਾਲ ਵਿਚ ਵੋਟਿੰਗ ਕਰਨਗੇ। 2016 ਦੀ ਚੋਣ ਵਿਚ ਇਸ ਤਰ੍ਹਾਂ ਦੇ ਸਰਵੇ ਵਿਚ ਇਹ ਅੰਕੜਾ 47 ਫ਼ੀਸਦੀ ਹੀ ਸੀ। 1984 ਤੋਂ ਹੁਣ ਤਕ ਦੇ ਚੋਣ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ 18 ਤੋਂ 29 ਸਾਲ ਦੇ ਵੋਟਰਾਂ ਦੀ 2008 ਦੀ ਚੋਣ ਵਿਚ ਸਭ ਤੋਂ ਜ਼ਿਆਦਾ 48.4 ਫ਼ੀਸਦੀ ਵੋਟਿੰਗ ਸੀ। ਉਸੇ ਤਰ੍ਹਾਂ ਦੀਆਂ ਸਥਿਤੀਆਂ ਇਸ ਵਾਰ ਦੀ ਚੋਣ ਵਿਚ ਵੀ ਬਣ ਰਹੀ ਹੈ।

ਸਰਵੇ 'ਚ ਪੁੱਛੇ ਗਏ ਸਵਾਲਾਂ ਦੇ ਆਧਾਰ 'ਤੇ ਦੱਸਿਆ ਗਿਆ ਹੈ ਕਿ ਨੌਜਵਾਨ ਵੋਟਰਾਂ ਦੀ ਪਸੰਦ ਦੇ ਮਾਮਲੇ ਵਿਚ ਜੋ ਬਿਡੇਨ ਅੱਗੇ ਚੱਲ ਰਹੇ ਹਨ। ਸਰਵੇ ਵਿਚ ਜੋ ਬਿਡੇਨ ਆਪਣੇ ਵਿਰੋਧੀ ਟਰੰਪ ਤੋਂ 24 ਪੁਆਇੰਟ ਅੱਗੇ ਰਹੇ। ਅਪ੍ਰੈਲ ਮਹੀਨੇ ਤੋਂ ਹੁਣ ਤਕ ਬਿਡੇਨ ਨੂੰ ਪਸੰਦ ਕਰਨ ਵਾਲਿਆਂ ਵਿਚ 13 ਪੁਆਇੰਟ ਦਾ ਵਾਧਾ ਹੋਇਆ ਹੈ। ਚੋਣ 'ਚ ਕਿਹੜੇ ਮੁੱਦੇ ਪ੍ਰਭਾਵੀ ਹਨ, ਇਸ ਬਾਰੇ ਵਿਚ ਵੀ ਸਵਾਲ ਕੀਤੇ ਗਏ। ਨੌਜਵਾਨ ਵੋਟਰਾਂ ਦਾ ਮੰਨਣਾ ਹੈ ਕਿ ਇਸ ਵਾਰ ਸਿਹਤ ਸੇਵਾ, ਮਾਨਸਿਕ ਸਿਹਤ ਦੇ ਨਾਲ ਹੀ ਨਸਲੀ ਭੇਦਭਾਵ ਅਤੇ ਸਮਾਜਿਕ ਨਿਆਂ ਵਰਗੇ ਮੁੱਦੇ ਭਾਰੂ ਹਨ। ਸਿਹਤ ਦੇ ਮੁੱਦੇ 'ਤੇ ਨੌਜਵਾਨ ਵੋਟਰ ਚੰਗਾ ਖ਼ਾਸਾ ਜਾਗਰੂਕ ਦਿਖਾਈ ਦਿੱਤੇ। ਇਸ ਮੁੱਦੇ 'ਤੇ ਨੌਜਵਾਨਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਵਿਚਾਰ ਪ੍ਰਗਟ ਕੀਤੇ। ਚੋਣ ਤੋਂ ਪਹਿਲਾਂ ਵੋਟਿੰਗ ਅਤੇ ਮੇਲ ਰਾਹੀਂ ਭੇਜੇ ਜਾਣ ਵਾਲੇ ਵੋਟ ਪੱਤਰਾਂ ਵਿਚ ਰੁਚੀ ਇਸ ਵਾਰ ਦੀ ਚੋਣ ਵਿਚ ਮਹੱਤਵਪੂਰਣ ਬਦਲਾਅ ਹੈ। ਸਰਵੇ ਟੀਮ ਦਾ ਮੰਨਣਾ ਹੈ ਕਿ ਨੌਜਵਾਨਾਂ ਵਿਚ ਵੋਟਿੰਗ ਪ੍ਰਤੀ ਵੱਧਦਾ ਰੁਝਾਨ ਭਵਿੱਖ ਲਈ ਚੰਗਾ ਸੰਕੇਤ ਹੈ।

Posted By: Susheel Khanna