ਵਾਸ਼ਿੰਗਟਨ (ਪੀਟੀਆਈ) : ਅਮਰੀਕਾ 'ਚ 2020 ਦੀ ਮਰਦਮਸ਼ੁਮਾਰੀ 'ਚ ਸਿੱਖਾਂ ਦੀ ਗਿਣਤੀ ਵੱਖਰੀ ਜਾਤੀ ਸਮੂਹ ਵਜੋਂ ਕੀਤੀ ਜਾਵੇਗੀ। ਸਿੱਖਾਂ ਦੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਮੀਲ ਦਾ ਪੱਥਰ ਕਰਾਰ ਦਿੱਤਾ।

ਸੈਨ ਡਿਆਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ ਦਾ ਫਲ ਮਿਲਿਆ ਹੈ। ਇਸ ਨਾਲ ਅਮਰੀਕਾ 'ਚ ਸਿਰਫ਼ ਸਿੱਖਾਂ ਲਈ ਹੀ ਨਹੀਂ, ਹੋਰ ਘੱਟ ਗਿਣਤੀ ਜਾਤੀ ਸਮੂਹਾਂ ਦੀ ਵੱਖਰੀ ਗਿਣਤੀ ਦਾ ਰਸਤਾ ਖੁੱਲ੍ਹੇਗਾ।

ਇਸ ਫ਼ੈਸਲੇ ਨੂੰ ਮੀਲ ਦਾ ਪੱਥਰ ਕਰਾਰ ਦਿੰਦੇ ਹੋਏ ਯੂਨਾਈਟਿਡ ਸੰਗਠਨ ਨੇ ਕਿਹਾ ਕਿ ਇਹ ਪਹਿਲੀ ਵਾਰੀ ਹੋਵੇਗਾ ਕਿ ਅਮਰੀਕੀ ਮਰਦਮਸ਼ੁਮਾਰੀ 'ਚ ਘੱਟ ਗਿਣਤੀ ਸਮੂਹ ਦੀ ਵੱਖਰੇ ਤੌਰ 'ਤੇ ਗਿਣਤੀ ਕੀਤੀ ਜਾਵੇਗੀ ਤੇ ਉਸ ਨੂੰ ਅਲੱਗ ਕੋਡ ਮਿਲੇਗਾ। ਯੂਨਾਈਟਿਡ ਸਿੱਖ ਦੇ ਨੁਮਾਇੰਦਿਆਂ ਦੀ ਅਮਰੀਕੀ ਮਰਦਮਸ਼ੁਮਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਕਈ ਵਾਰੀ ਬੈਠਕਾਂ ਹੋਈਆਂ ਸਨ। ਨਵੀਂ ਬੈਠਕ ਛੇ ਜਨਵਰੀ ਨੂੰ ਸੈਨ ਡਿਆਗੋ 'ਚ ਹੋਈ ਸੀ।

ਅਮਰੀਕੀ ਮਰਦਮਸ਼ੁਮਾਰੀ ਦੇ ਡਿਪਟੀ ਡਾਇਰੈਕਟਰ ਰੋਨ ਜਰਮਿਨ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਮਰੀਕਾ 'ਚ ਸਿੱਖਾਂ ਦੀ ਸਹੀ ਗਿਣਤੀ ਲਈ ਇਕ ਵੱਖਰੇ ਕੋਡ ਦੀ ਲੋੜ ਹੋਵੇਗੀ। ਯੂਨਾਈਟਿਡ ਸਿੱਖ ਮੁਤਾਬਕ ਅਮਰੀਕਾ 'ਚ ਸਿੱਖਾਂ ਦੀ ਗਿਣਤੀ ਕਰੀਬ 10 ਲੱਖ ਹੈ।

ਦੋ ਦਹਾਕਿਆਂ ਤੋਂ ਚੱਲ ਰਹੀ ਸੀ ਮੰਗ

ਅਮਰੀਕਾ 'ਚ ਰਹਿ ਰਹੇ ਸਿੱਖ ਪਿਛਲੇ ਦੋ ਦਹਾਕਿਆਂ ਤੋਂ ਵੱਖਰੀ ਕੋਡਿੰਗ ਦੀ ਵਕਾਲਤ ਕਰ ਰਹੇ ਸਨ ਤੇ ਉਨ੍ਹਾਂ ਨੇ ਅਮਰੀਕੀ ਫੈਡਰਲ ਰਜਿਸਟਰ 'ਚ ਵੀ ਕਮੈਂਟਰੀ ਦਾਇਰ ਕੀਤੀ ਸੀ ਜਿਸ ਵਿਚ ਸਿੱਖਾਂ ਨੂੰ ਵੱਖਰੇ ਜਾਤੀ ਸਮੂਹ ਵਜੋਂ ਸ਼ਾਮਲ ਕੀਤੇ ਜਾਣ ਦੀ ਵਕਾਲਤ ਕੀਤੀ ਗਈ ਸੀ।

ਕੈਲੀਫੋਰਨੀਆ 'ਚ ਗੁਰਦੁਆਰੇ 'ਤੇ ਸਵਾਸਤਿਕ ਦਾ ਚਿੰਨ੍ਹ ਪੇਂਟ ਕੀਤਾ

ਕੈਲੀਫੋਰਨੀਆ ਦੇ ਓਰੰਗਵਾਲੇ 'ਚ ਗੁਰੂ ਮਾਨਿਓ ਗ੍ੰਥ ਗੁਰਦੁਆਰਾ ਸਾਹਿਬ 'ਤੇ ਸਵਾਸਤਿਕ ਦਾ ਚਿੰਨ੍ਹ ਪੇਂਟ ਕਰ ਦਿੱਤਾ ਗਿਆ। ਪੁਲਿਸ ਨੇ ਗ੍ੰਥੀ ਦਾ ਬਿਆਨ ਦਰਜ ਕੀਤਾ ਹੈ। ਸੋਮਵਾਰ ਨੂੰ ਸਵੇਰੇ ਲੋਕਾਂ ਨੇ ਦੇਖਿਆ ਕਿ ਗੁਰਦੁਆਰੇ ਦੀ ਕੰਧ 'ਤੇ 'ਵ੍ਹਾਈਟ ਪਾਵਰ' ਸ਼ਬਦ ਤੇ ਸਵਾਸਤਿਕ ਦਾ ਚਿੰਨ੍ਹ ਸਪ੍ਰੇਅ ਨਾਲ ਪੇਂਟ ਕੀਤਾ ਗਿਆ ਸੀ। ਭਾਰਤੀ ਮੂਲ ਦੇ ਸੰਸਦ ਮੈਂਬਰ ਡਾ. ਅਮੀ ਬੇਰਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਇਸ ਨੂੰ 'ਹੇਟ ਕਰਾਈਮ' ਵਜੋਂ ਦੇਖਿਆ ਜਾ ਰਿਹਾ ਹੈ।

ਅਮਰੀਕਾ 'ਚ ਸਿੱਖ ਜਮਾਤਾਂ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਗੁਰੂ ਮਾਨਿਓ ਗ੍ੰਥ ਗੁਰਦੁਆਰੇ ਦੀ ਡਿੰਪਲ ਕੌਰ ਭੁੱਲਰ ਨੇ ਕਿਹਾ ਕਿ ਅਸੀਂ ਦਸੰਬਰ 2019 'ਚ ਸੇਵਾ ਸ਼ੁਰੂ ਕੀਤੀ ਸੀ ਤੇ 10-12 ਜਨਵਰੀ ਨੂੰ ਬਿਨਾ ਕਿਸੇ ਪਰੇਸ਼ਾਨੀ ਦੇ ਗੁਰਦੁਆਰਾ ਸਾਹਿਬ ਰਸਮੀ ਤੌਰ 'ਤੇ ਖੋਲਿ੍ਆ ਸੀ। ਇਸ ਦੌਰਾਨ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਨੇ ਕੀਰਤਨ ਕੀਤਾ। ਉੱਥੇ ਕਿਸੇ ਤਰ੍ਹਾਂ ਦੀ ਕੋਈ ਨਕਾਰਾਤਮਕਤਾ ਨਹੀਂ ਸੀ। ਸਥਾਨਕ ਸੈਕਰਾਮੈਂਟੋ ਬੀ ਦੇ ਹਰਬੰਸ ਸਿੰਘ ਸਰਾਓਂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਕੌਣ ਹਨ। ਜੇਕਰ ਉਸ ਨੂੰ ਪਤਾ ਹੁੰਦਾ ਤਾਂ ਇਹ ਹਰਕਤ ਕਦੇ ਨਾ ਕਰਦਾ। ਉਹ ਨਾਸਮਝ ਹੈ।