ਵਾਸ਼ਿੰਗਟਨ (ਪੀਟੀਆਈ) : ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ (ਐੱਲਈਟੀ) 'ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾ ਰਹੇ 29 ਸਾਲਾ ਅਮਰੀਕੀ ਜੀਸਸ ਵਿਲਫੈ਼੍ਡੋ ਐਨਕਾਰਨੇਸ਼ਨ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਸੰਯੁਕਤ ਰਾਸ਼ਟਰ (ਯੂਐੱਨ) ਤੇ ਅਮਰੀਕਾ ਵੱਲੋਂ ਕੌਮਾਂਤਰੀ ਅੱਤਵਾਦੀ ਜਥੇਬੰਦੀ ਐਲਾਨ ਕੀਤੇ ਜਾ ਚੁੱਕੇ ਐੱਲਈਟੀ ਨੇ ਹੀ 2008 'ਚ ਮੁੰਬਈ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਸੀ। ਉਸ ਹਮਲੇ 'ਚ 166 ਲੋਕਾਂ ਦੀ ਮੌਤ ਹੋ ਗਈ ਸੀ।

ਮੈਨਹੱਟਨ ਦੇ ਰਹਿਣ ਵਾਲੇ ਜੀਸਸ ਨੂੰ ਜੌਨ ਐੱਫ ਕੈਨੇਡੀ ਕੌਮਾਂਤਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਉਸ ਸਮੇਂ ਗਿ੍ਫ਼ਤਾਰ ਕੀਤਾ ਗਿਆ ਜਦੋਂ ਉਹ ਪਾਕਿਸਤਾਨ ਜਾ ਰਹੇ ਜਹਾਜ਼ 'ਚ ਸਵਾਰ ਹੋ ਰਿਹਾ ਸੀ। ਜੀਸਸ ਨੇ ਇਕ ਅੰਡਰ-ਕਵਰ ਏਜੰਟ ਨੂੰ ਦੱਸਿਆ ਸੀ ਕਿ ਉਹ ਐੱਲਈਟੀ 'ਚ ਸ਼ਾਮਲ ਹੋ ਕੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣਾ ਚਾਹੁੰਦਾ ਹੈ ਤੇ ਲੋਕਾਂ ਦੀ ਹੱਤਿਆ ਕਰਨਾ ਚਾਹੁੰਦਾ ਹੈ। ਸਹਾਇਕ ਅਟਾਰਨੀ ਜਨਰਲ ਜੌਨ ਡੇਮਰਸ ਦਾ ਕਹਿਣਾ ਹੈ ਕਿ ਉਸ ਨੇ ਹੋਰਨਾਂ ਲੋਕਾਂ ਨਾਲ ਮਿਲ ਕੇ ਅੱਤਵਾਦੀਆਂ ਨੂੰ ਮਦਦ ਪਹੁੰਚਾਉਣ ਦੀ ਸਾਜ਼ਿਸ਼ ਵੀ ਕੀਤੀ ਸੀ।

ਇਕ ਹੋਰ ਮਾਮਲੇ 'ਚ ਐੱਫਬੀਆਈ ਨੇ ਟੈਕਸਾਸ ਦੇ ਮਾਈਕਲ ਕਾਈਲ ਸੇਵੇਲ (18) ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅੱਤਵਾਦੀ ਸੰਗਠਨ 'ਚ ਸ਼ਾਮਲ ਕਰਨ ਤੇ ਟੇ੍ਨਿੰਗ ਲਈ ਉਨ੍ਹਾਂ ਨੂੰ ਪਾਕਿਸਤਾਨ ਭੇਜਣ ਦੇ ਦੋਸ਼ 'ਚ ਗਿ੍ਫ਼ਤਾਰ ਕੀਤਾ ਹੈ। ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ 'ਚ ਪਨਪ ਰਹੇ ਅੱਤਵਾਦ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ।