ਵਾਸ਼ਿੰਗਟਨ (ਏਐੱਫਪੀ) : ਅਮਰੀਕਨ ਏਅਰਲਾਈਨਜ਼ ਨੇ ਦੋ ਵੱਡੇ ਹਾਦਸਿਆਂ ਤੋਂ ਬਾਅਦ ਡੂੰਘੀ ਜਾਂਚ ਦੇ ਘੇਰੇ 'ਚ ਆਏ ਬੋਇੰਗ 737 ਮੈਕਸ ਜਹਾਜ਼ਾਂ ਦੀਆਂ ਉਡਾਣਾਂ ਰੋਕਣ ਦਾ ਐਲਾਨ ਕੀਤਾ ਹੈ। ਅਮਰੀਕਾ ਦੀ ਪ੍ਰਮੁੱਖ ਏਅਰਲਾਈਨ ਨੇ ਕਿਹਾ ਹੈ ਕਿ ਅਗਲੇ ਕੁਝ ਮਹੀਨਿਆਂ ਤਕ 737 ਮੈਕਸ ਜਹਾਜ਼ਾਂ ਦੀਆਂ ਰੋਜ਼ਾਨਾ 115 ਫਲਾਈਟਾਂ ਰੱਦ ਰਹਿਣਗੀਆਂ ਕਿਉਂਕਿ ਇਨ੍ਹਾਂ ਜਹਾਜ਼ਾਂ ਨੂੰ ਅਗਸਤ ਤਕ ਉਡਾਣ ਤੋਂ ਹਟਾਇਆ ਜਾ ਰਿਹਾ ਹੈ।

ਅਮਰੀਕਨ ਏਅਰਲਾਈਨਜ਼ ਦੇ ਚੇਅਰਮੈਨ ਅਤੇ ਸੀਈਓ ਡੱਗ ਪਾਰਕਰ ਨੇ ਐਤਵਾਰ ਨੂੰ ਕਿਹਾ, 'ਇਹ 115 ਉਡਾਣਾਂ ਅਮਰੀਕਾ 'ਚ ਹਰ ਰੋਜ਼ ਦੀਆਂ ਕੁੱਲ ਉਡਾਣਾਂ ਦਾ ਸਿਰਫ਼ 1.5 ਫ਼ੀਸਦੀ ਹਨ। ਸੰਘੀ ਜਹਾਜ਼ ਪ੍ਰਸ਼ਾਸਨ ਤੇ ਬੋਇੰਗ ਨਾਲ ਮਿਲ ਕੇ ਚੱਲ ਰਹੇ ਕੰਮ ਦੇ ਆਧਾਰ 'ਤੇ ਸਾਨੂੰ ਪੂਰਾ ਭਰੋਸਾ ਹੈ ਕਿ 19 ਅਗਸਤ ਤੋਂ ਪਹਿਲਾਂ ਤਕ ਮੈਕਸ ਜਹਾਜ਼ਾਂ ਨੂੰ ਫਿਰ ਤੋਂ ਪ੍ਰਮਾਣਿਤ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਹੋਣ 'ਤੇ 737 ਮੈਕਸ ਜਹਾਜ਼ਾਂ ਦੀ ਫਿਰ ਵਾਪਸੀ ਹੋ ਜਾਵੇਗੀ।'

ਅਮਰੀਕਨ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ 737 ਮੈਕਸ ਜਹਾਜ਼ ਉਸ ਸਮੇਂ ਚਰਚਾ 'ਚ ਆ ਗਏ ਜਦੋਂ 29 ਅਕਤੂਬਰ ਨੂੰ ਇੰਡੋਨੇਸ਼ੀਆ ਦੀ ਲਾਇਨ ਏਅਰ ਦਾ ਜਹਾਜ਼ ਇਕ ਹਵਾਈ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ 10 ਮਾਰਚ ਨੂੰ ਇਥੋਪੀਆ 'ਚ ਵੀ ਇਕ 737 ਮੈਕਸ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਨ੍ਹੀਂ ਦਿਨੀਂ ਹਾਦਸਿਆਂ 'ਚ 346 ਲੋਕਾਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਹਾਦਸਿਆਂ ਤੋਂ ਬਾਅਦ ਤੋਂ ਹੀ ਦੁਨੀਆ ਦੇ ਕਈ ਦੇਸ਼ਾਂ 'ਚ ਇਨ੍ਹਾਂ ਜਹਾਜ਼ਾਂ ਦੀਆਂ ਉਡਾਣਾਂ ਰੱਦ ਚੱਲ ਰਹੀਆਂ ਹਨ। ਸ਼ੁਰੂਆਤੀ ਜਾਂਚ 'ਚ ਇਹ ਪਾਇਆ ਗਿਆ ਸੀ ਕਿ ਦੋਵੇਂ ਹਾਦਸਿਆਂ ਲਈ ਜਹਾਜ਼ ਦਾ ਐਂਟੀ-ਸਟਾਲ ਸਾਫਟਵੇਅਰ ਤੇ ਹੋਰ ਤਕਨੀਕੀ ਖਾਮੀਆਂ ਜ਼ਿੰਮੇਵਾਰ ਹਨ। ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਬੋਇੰਗ ਦੁਨੀਆ ਭਰ 'ਚ ਤਿੱਖੀ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ।