ਵਾਸ਼ਿੰਗਟਨ (ਏਪੀ) : ਟਰੰਪ ਪ੍ਰਸ਼ਾਸਨ ਵੀਰਵਾਰ ਨੂੰ ਨਵੀਆਂ ਵੀਜ਼ਾ ਪਾਬੰਦੀਆਂ ਲੈ ਕੇ ਆਇਆ ਹੈ ਜਿਸ ਤਹਿਤ 'ਬਰਥ ਟੂਰਿਜ਼ਮ' 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਇਸ ਤਹਿਤ ਉਨ੍ਹਾਂ ਗਰਭਵਤੀ ਔਰਤਾਂ ਨੂੰ ਵੀਜ਼ਾ ਦੇਣ 'ਤੇ ਪਾਬੰਦੀ ਲਗਾਈ ਜਾਏਗੀ ਜੋ ਅਮਰੀਕਾ ਆ ਕੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ ਤਾਂਕਿ ਉਨ੍ਹਾਂ ਨੂੰ ਅਮਰੀਕੀ ਪਾਸਪੋਰਟ ਮਿਲ ਸਕੇ।

ਨਵੀਂ ਨੀਤੀ ਤਹਿਤ ਅਮਰੀਕਾ ਆ ਕੇ ਬੱਚੇ ਨੂੰ ਜਨਮ ਦੇਣ ਵਾਲੀਆਂ ਔਰਤਾਂ ਨੂੰ ਵਿਦੇਸ਼ੀ ਸੈਲਾਨੀ ਮੰਨ ਕੇ ਇਸ ਤਰ੍ਹਾਂ ਵਿਹਾਰ ਕੀਤਾ ਜਾਏਗਾ ਕਿ ਉਹ ਇਲਾਜ ਲਈ ਅਮਰੀਕਾ ਆਈਆਂ ਹਨ ਤੇ ਉਨ੍ਹਾਂ ਦੇ ਬੱਚਿਆਂ ਨੂੰ ਅਮਰੀਕੀ ਪਾਸਪੋਰਟ ਨਹੀਂ ਮਿਲੇਗਾ। ਵੀਜ਼ਾ ਮੰਗਣ ਤੋਂ ਪਹਿਲਾਂ ਬਿਨੈਕਾਰ ਨੂੰ ਇਹ ਦੱਸਣਾ ਪਵੇਗਾ ਕਿ ਉਹ ਇਲਾਜ ਲਈ ਅਮਰੀਕਾ ਆ ਰਹੀ ਹੈ ਤੇ ਇਸ ਦਾ ਸਾਰਾ ਖ਼ਰਚ ਖ਼ੁਦ ਕਰੇਗੀ। 'ਬਰਥ ਟੂਰਿਜ਼ਮ' ਅਮਰੀਕਾ 'ਚ ਵੱਡਾ ਬਿਜ਼ਨਸ ਹੈ। ਅਮਰੀਕਾ ਦੀਆਂ ਕਈ ਕੰਪਨੀਆਂ ਇਸ ਸਬੰਧੀ ਇਸ਼ਤਿਹਾਰ ਦੇ ਕੇ 80 ਹਜ਼ਾਰ ਡਾਲਰ ਤਕ ਵਸੂਲ ਕਰਦੀਆਂ ਹਨ। ਇਸ ਰਾਸ਼ੀ 'ਚ ਹੋਟਲ ਰੂਮ ਤੇ ਮੈਡੀਕਲ ਕੇਅਰ ਸ਼ਾਮਲ ਹੈ। ਰੂਸ ਤੇ ਚੀਨ ਤੋਂ ਬਹੁਤ ਸਾਰੀਆਂ ਔਰਤਾਂ ਬੱਚੇ ਦੇ ਜਨਮ ਲਈ ਅਮਰੀਕਾ ਆਉਂਦੀਆਂ ਹਨ। ਇਕ ਅੰਦਾਜ਼ੇ ਮੁਤਾਬਿਕ 2012 'ਚ 36 ਹਜ਼ਾਰ ਵਿਦੇਸ਼ੀ ਔਰਤਾਂ ਨੇ ਅਮਰੀਕਾ 'ਚ ਬੱਚਿਆਂ ਨੂੰ ਜਨਮ ਦਿੱਤਾ।

Posted By: Rajnish Kaur