ਐਮਸਟਰਡਮ (ਏਐੱਨਆਈ) : ਅਮਰੀਕਾ ਨੇ ਤਿੱਬਤ 'ਤੇ ਕਾਨੂੰਨ ਬਣਾ ਕੇ ਇਸ ਇਲਾਕੇ 'ਤੇ ਚੀਨ ਦੇ ਅਧਿਕਾਰ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਚੀਨ ਇੱਥੇ 50 ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਸ਼ੋਸ਼ਣ ਕਰ ਰਿਹਾ ਹੈ ਤੇ ਇੱਥੋਂ ਦੀ ਸੱਭਿਆਚਾਰਕ ਪਛਾਣ ਨੂੰ ਖ਼ਤਮ ਕਰਨ ਲਈ ਯੋਜਨਬੱਧ ਤਰੀਕੇ ਨਾਲ ਚਾਲਾਂ ਚੱਲ ਰਿਹਾ ਹੈ। ਤਿੱਬਤ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਨੇ ਭਾਰਤ 'ਚ ਸ਼ਰਨ ਲਈ ਹੋਈ ਹੈ ਤੇ ਉਨ੍ਹਾਂ ਦੀ ਸਰਪ੍ਰਸਤੀ 'ਚ ਇੱਥੋਂ ਹੀ ਤਿੱਬਤ ਸਰਕਾਰ ਕੰਮ ਕਰ ਰਹੀ ਹੈ।

ਅਮਰੀਕਾ ਨੇ ਹਾਲ ਹੀ 'ਚ ਦ ਟਿਬੇਟਨ ਪਾਲਿਸੀ ਐਂਡ ਸਪੋਰਟ ਐਕਟ (ਟੀਪੀਐੱਸਏ) ਬਣਾ ਕੇ ਤਿੱਬਤ 'ਚ ਚੀਨ ਦੇ ਸ਼ੋਸ਼ਣ ਨੂੰ ਰੋਕਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਤਿੱਬਤ ਸਰਕਾਰ ਦੇ ਪ੍ਰਧਾਨ ਮੰਤਰੀ ਨੂੰ ਅਮਰੀਕੀ ਵਿਦੇਸ਼ ਮੰਤਰਾਲੇ ਨੇ ਸੱਦਾ ਭੇਜਿਆ ਸੀ ਤੇ ਉਨ੍ਹਾਂ ਨਾਲ ਅਧਿਕਾਰਿਤ ਗੱਲਬਾਤ ਕੀਤੀ ਸੀ। ਚੀਨ ਨੇ ਇਸ 'ਤੇ ਸਖ਼ਤ ਵਿਰੋਧ ਪ੍ਰਗਟਾਇਆ ਸੀ।

ਥਿੰਕ ਟੈਂਕ ਯੂਰਪੀਅਨ ਫਾਊਂਡੇਸ਼ਨ ਫਾਰ ਸਾਊਥ ਏਸ਼ੀਅਨ ਸਟੱਡੀਜ਼ (ਈਐੱਫਐੱਸਏਐੱਸ) ਨੇ ਕਿਹਾ ਕਿ ਅਮਰੀਕੀ ਕਾਨੂੰਨ ਨੇ ਭਾਰਤ ਲਈ ਚੀਨ ਨਾਲ ਭਵਿੱਖ ਦੇ ਸਬੰਧ ਤੈਅ ਕਰਨ ਲਈ ਗੱਲਬਾਤ ਦੇ ਬਦਲਾਂ ਨੂੰ ਵਧਾਇਆ ਹੈ। ਭਾਰਤ ਇਸ ਕਾਨੂੰਨ ਦਾ ਹਵਾਲਾ ਦੇ ਕੇ ਚੀਨ ਨਾਲ ਤਿੱਬਤ ਮਸਲੇ 'ਤੇ ਸਖ਼ਤੀ ਨਾਲ ਗੱਲ ਕਰ ਸਕਦਾ ਹੈ। ਭਾਰਤ ਨੂੰ ਇਸ ਮਾਮਲੇ 'ਚ ਅਮਰੀਕਾ ਦਾ ਸਾਥ ਮਿਲਣਾ ਵੀ ਤੈਅ ਹੈ।