ਵਾਸ਼ਿੰਗਟਨ (ਏਐੱਨਆਈ) : ਕੰਗਾਲ ਹੋਏ ਪਾਕਿਸਤਾਨ ਨੂੰ ਇਕ ਹੋਰ ਕਰਾਰਾ ਝਟਕਾ ਲੱਗਾ ਹੈ। ਅਮਰੀਕਾ ਨੇ ਉਸ ਨੂੰ ਦਿੱਤੀ ਜਾਣ ਵਾਲੀ ਆਰਥਿਕ ਸਹਾਇਤਾ 'ਚ ਕਰੀਬ 44 ਕਰੋੜ ਡਾਲਰ (ਭਾਰਤੀ ਕਰੰਸੀ 'ਚ ਕਰੀਬ 31.30 ਅਰਬ ਰੁਪਏ) ਦੀ ਕਟੌਤੀ ਕਰ ਦਿੱਤੀ ਹੈ। ਹੁਣ ਅਮਰੀਕਾ ਤੋਂ ਉਸ ਨੂੰ ਕੁਲ 4.1 ਅਰਬ ਡਾਲਰ (ਕਰੀਬ 2.92 ਖਰਬ ਰੁਪਏ) ਦੀ ਮਦਦ ਮਿਲ ਰਹੀ ਹੈ।

'ਦਿ ਐਕਸਪ੍ਰੈੱਸ ਟਿ੍ਬਿਊਨ' ਦੀ ਰਿਪੋਰਟ ਮੁਤਾਬਕ ਇਹ ਆਰਥਿਕ ਮਦਦ ਪਾਕਿਸਤਾਨ ਇਨਹੈਂਸ ਪਾਰਟਨਰਸ਼ਿਪ ਐਗਰੀਮੈਂਟ (ਪੀਪਾ) 2010 ਤਹਿਤ ਦਿੱਤੀ ਜਾਂਦੀ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਰਥਿਕ ਸਹਾਇਤਾ 'ਚ ਇਸ ਕਟੌਤੀ ਸਬੰਧੀ ਪਾਕਿਸਤਾਨ ਦੇ ਪੀਐੱਮ ਇਮਰਾਨ ਖ਼ਾਨ ਨੂੰ ਵਾਸ਼ਿੰਗਟਨ ਦੌਰੇ ਤੋਂ ਤਿੰਨ ਹਫ਼ਤੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ।

ਰਿਪੋਰਟ ਮੁਤਾਬਕ ਪੀਈਪੀਏ ਨੂੰ ਸਤੰਬਰ 2010 'ਚ ਕੇਰੀ ਲੁਗਰ ਬਰਮਨ (ਕੇਐੱਲਬੀ) ਐਕਟ ਨੂੰ ਜਾਰੀ ਰੱਖਣ ਲਈ ਸਹੀਬੱਧ ਕੀਤਾ ਗਿਆ ਸੀ। ਇਹ ਐਕਟ ਅਮਰੀਕੀ ਕਾਂਗਰਸ ਨੇ ਅਕਤੂਬਰ 2009 'ਚ ਪਾਸ ਕੀਤਾ ਸੀ ਤੇ ਇਸ ਤਹਿਤ ਪੰਜ ਸਾਲ ਵਿਚ ਪਾਕਿਸਤਾਨ ਨੂੰ 7.5 ਅਰਬ ਡਾਲਰ ਦੀ ਆਰਥਿਕ ਮਦਦ ਦਿੱਤੀ ਜਾਣੀ ਸੀ। ਹਾਲਾਂਕਿ ਹੁਣ ਇਸ ਕਟੌਤੀ ਤੋਂ ਬਾਅਦ ਇਹ ਆਰਥਿਕ ਮਦਦ 4.1 ਅਰਬ ਡਾਲਰ 'ਤੇ ਸਿਮਟ ਗਈ ਹੈ।

ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਸਤੰਬਰ 'ਚ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਆਰਥਿਕ ਮਦਦ 'ਚ 30 ਕਰੋੜ ਡਾਲਰ (ਕਰੀਬ 2100 ਕਰੋੜ ਰੁਪਏ) ਦੀ ਕਟੌਤੀ ਕੀਤੀ ਸੀ। ਇਹ ਕਟੌਤੀ ਅੱਤਵਾਦ ਨੂੰ ਖ਼ਤਮ ਕਰਨ ਵਿਚ ਪਾਕਿਸਤਾਨ ਦੇ ਨਾਕਾਮ ਰਹਿਣ ਦਾ ਹਵਾਲਾ ਦਿੰਦਿਆਂ ਕੀਤੀ ਗਈ ਸੀ।

ਅਮਰੀਕਾ ਨੂੰ ਸ਼ਿਕਾਇਤ ਹੈ ਕਿ ਪਾਕਿਸਤਾਨ ਅਫ਼ਗਾਨ ਤਾਲਿਬਾਨ, ਹੱਕਾਨੀ ਨੈੱਟਵਰਕ, ਅਲਕਾਇਦਾ ਸਮੇਤ ਅੱਤਵਾਦੀ ਜਮਾਤਾਂ ਦੀ ਸ਼ਰਨਗਾਹ ਬਣਿਆ ਹੋਇਆ ਹੈ। ਇਹੀ ਨਹੀਂ ਪਿਛਲੇ ਸਾਲ ਜਨਵਰੀ 'ਚ ਪੈਂਟਾਗਨ ਨੇ ਪਾਕਿਸਤਾਨ ਨੂੰ ਦਿੱਤੀ ਜਾ ਵਾਲੀ ਇਕ ਅਰਬ ਅਮਰੀਕੀ ਡਾਲਰ ਦੀ ਆਰਥਿਕ ਮਦਦ 'ਚ ਕਟੌਤੀ ਕਰ ਲਈ ਸੀ। ਅਮਰੀਕੀ ਰੱਖਿਆ ਮੰਤਰੀ ਜੇਮਜ਼ ਮੈਟਿਸ ਨੇ ਪਾਕਿਸਤਾਨ ਦੇ ਹੱਕਾਨੀ ਨੈੱਟਵਰਕ ਨੂੰ ਨੇਸਤਾਨਾਬੂਦ ਕਨਰ 'ਚ ਨਕਾਮ ਰਹਿਣ ਕਾਰਨ ਇਹ ਕਦਮ ਚੁੱਕਿਆ ਸੀ।

ਪਿਛਲੇ ਮਹੀਨੇ ਹੋਈ ਮੀਟਿੰਗ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦ ਵਿਰੁੱਧ ਲੱਚਰ ਰਵਈਆ ਅਪਣਾਉਣ ਨੂੰ ਲੈ ਕੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਰੱਜ ਕੇ ਖਿਚਾਈ ਕੀਤੀ ਸੀ। ਉਦੋਂ ਟਰੰਪ ਨੇ ਕਿਹਾ ਸੀ, 'ਅਸੀਂ ਸਾਲਾਂ ਤੋਂ ਪਾਕਿਸਤਾਨ ਨੂੰ 1.3 ਅਰਬ ਡਾਲਰ ਦੀ ਆਰਥਿਕ ਸਹਾਇਤਾ ਦੇ ਰਹੇ ਹਾਂ। ਪਰੇਸ਼ਾਨੀ ਦੀ ਗੱਲ ਇਹ ਹੈ ਕਿ ਪਾਕਿਸਤਾਨ ਸਾਡੇ ਲਈ ਕੁਝ ਵੀ ਨਹੀਂ ਕਰ ਰਿਹਾ। ਪਾਕਿਸਤਾਨ ਅਸਲ ਵਿਚ ਵਿਨਾਸ਼ਕਾਰਕ ਰਿਹਾ ਹੈ। ਉਹ ਸਾਡੇ ਹੀ ਵਿਰੁੱਧ ਜਾ ਰਿਹਾ ਹੈ। ਇਸ ਲਈ ਇਸ ਰਿਆਇਤ ਨੂੰ ਅਸੀਂ ਡੇਢ ਸਾਲ ਪਹਿਲਾਂ ਹੀ ਖ਼ਤਮ ਕਰ ਦਿੱਤਾ।' ਜ਼ਿਕਰਯੋਗ ਹੈ ਕਿ ਟਰੰਪ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਅਮਰੀਕੀ ਸਰਕਾਰ ਲਗਾਤਾਰ ਪਾਕਿਸਤਾਨ ਦੀ ਸਹਾਇਤਾ ਰਾਸ਼ੀ ਵਿਚ ਕਟੌਤੀ ਕਰਦੀ ਜਾ ਰਹੀ ਹੈ। ਪਿਛਲੇ ਮਹੀਨੇ ਹੀ ਬ੍ਰੈਕਜ਼ਿਟ ਦੇ ਚੱਲਦਿਆਂ ਆਰਥਿਕ ਚੁਣੌਤੀ ਦਾ ਸਾਹਮਣਾ ਕਰ ਰਹੇ ਬਰਤਾਨੀਆ ਦੀ ਸੰਸਦ ਨੇ ਵੀ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਸਹਾਇਤਾ 'ਚ ਕਟੌਤੀ ਕਰਨ ਦੀ ਸਿਫ਼ਾਰਸ਼ ਕੀਤੀ ਸੀ।