ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੀ ਇਕ ਚੋਟੀ ਦੀ ਡਿਪਲੋਮੈਟ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਅਟੁੱਟ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਅਗਲੇ ਹਫ਼ਤੇ ਹੋਣ ਵਾਲੀ ਮੁਲਾਕਾਤ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ 24-25 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ 'ਤੇ ਭਾਰਤ ਆ ਰਹੇ ਹਨ।

ਦੱਖਣੀ ਅਤੇ ਮੱਧ ਏਸ਼ੀਆ ਲਈ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਐਲਿਸ ਵੈਲਸ ਨੇ ਟਵੀਟ ਕਰ ਕੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਅਟੁੱਟ ਹਨ। ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਟਰੰਪ ਦੀ ਪ੍ਰਸਤਾਵਿਤ ਮੁਲਾਕਾਤ ਨਾਲ ਅਸੀਂ ਇਨ੍ਹਾਂ ਸਬੰਧਾਂ ਦੇ ਹੋਰ ਜ਼ਿਆਦਾ ਮਜ਼ਬੂਤ ਹੋਣ ਦੀ ਉਮੀਦ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਭਾਰਤ ਅਤੇ ਅਮਰੀਕਾ ਕਰੀਬੀ ਭਾਈਵਾਲ ਹਨ ਅਤੇ ਇਹ ਭਾਈਵਾਲੀ ਦਿਨ-ਪ੍ਰਤੀ-ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ। ਨਾਲ ਮਿਲ ਕੇ ਅਸੀਂ ਕੀਰਤੀਮਾਨ ਬਣਾ ਰਹੇ ਹਾਂ। ਉਦਾਹਰਣ ਦੇ ਤੌਰ 'ਤੇ ਅਸੀਂ ਪਿਛਲੇ ਸਾਲ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਵਿਚ ਸਵਾਗਤ ਕੀਤਾ ਅਤੇ ਇਸ ਸਾਲ ਹੋਰ ਜ਼ਿਆਦਾ ਵਿਦਿਆਰਥੀਆਂ ਦੇ ਅਮਰੀਕਾ ਆਉਣ ਦੀ ਉਮੀਦ ਹੈ।

ਟਰੰਪ ਦਾ ਸਟੇਡੀਅਮ ਦੀ ਭੀੜ 'ਤੇ ਹੈ ਜ਼ਿਆਦਾ ਧਿਆਨ

ਕੌਂਸਲ ਆਨ ਫਾਰੇਨ ਰਿਲੇਸ਼ਨਜ਼ ਥਿੰਕ ਟੈਂਕ ਦੀ ਮਾਹਿਰ ਐਲੀਸਾ ਆਇਰਸ ਦਾ ਕਹਿਣਾ ਹੈ ਕਿ ਟਰੰਪ ਵਪਾਰ ਸਮਝੌਤੇ ਤੋਂ ਜ਼ਿਆਦਾ ਸਟੇਡੀਅਮ 'ਚ ਹੋਣ ਵਾਲੇ ਸਮਾਗਮ ਅਤੇ ਉਸ ਵਿਚ ਇਕੱਠੀ ਹੋਣ ਵਾਲੀ ਭੀੜ 'ਤੇ ਜ਼ਿਆਦਾ ਧਿਆਨ ਦਿੰਦੇ ਦਿਖਾਈ ਦੇ ਰਹੇ ਹਨ। ਆਇਰਸ ਨੇ ਕਿਹਾ ਕਿ ਮੇਰੀ ਨਜ਼ਰ ਇਸ ਗੱਲ 'ਤੇ ਹੈ ਕਿ ਉਨ੍ਹਾਂ ਵਪਾਰਕ ਸਮਝੌਤਿਆਂ ਦਾ ਕੀ ਹੋਵੇਗਾ ਜੋ (ਟਰੰਪ ਅਤੇ ਮੋਦੀ ਦੀ) ਪਿਛਲੀ ਮੁਲਾਕਾਤ ਵਿਚ ਅੰਜਾਮ ਤਕ ਨਹੀਂ ਪੁੱਜ ਸਕੇ ਸਨ।

ਦੋਵਾਂ ਆਗੂਆਂ 'ਚ ਵਾਸਤਵਿਕ ਵਪਾਰ ਸਮਝੌਤਾ ਹੋਣਾ ਮੁਸ਼ਕਲ

ਇਕ ਹੋਰ ਥਿੰਕ ਟੈਂਕ 'ਹਡਸਨ ਇੰਸਟੀਚਿਊਟ' ਦੀ ਮਾਹਿਰ ਅਪਰਣਾ ਪਾਂਡੇ ਅਨੁਸਾਰ ਟਰੰਪ ਦੀ ਭਾਰਤ ਯਾਤਰਾ ਵਾਸਤਵਿਕ ਨਤੀਜੇ ਦੇਣ ਦੀ ਥਾਂ ਪ੍ਰਤੀਕਾਤਮਕ ਜ਼ਿਆਦਾ ਹੋਵੇਗੀ ਪ੍ਰੰਤੂ 'ਮੇਕ ਇਨ ਇੰਡੀਆ' ਅਤੇ 'ਮੇਕ ਇਨ ਅਮੇਰਿਕਾ' ਦਾ ਨਾਅਰਾ ਦੇਣ ਵਾਲੇ ਦੋ ਲੋਕਪਿ੍ਰਆ ਅਤੇ ਰਾਸ਼ਟਰਵਾਦੀ ਆਗੂਆਂ ਵਿਚਕਾਰ ਇਕ ਵਾਸਤਵਿਕ ਵਪਾਰਕ ਸਮਝੌਤਾ ਹੋਣਾ ਮੁਸ਼ਕਲ ਹੈ। ਇਸ ਲਈ ਦੋਵਾਂ ਪੱਖਾਂ ਵੱਲੋਂ ਵਪਾਰਕ ਪੱਧਰ 'ਤੇ ਰੱਖਿਆ ਸਮਝੌਤਾ ਅਤੇ ਕੁਝ ਛੋਟੇ-ਮੋਟੇ ਕਰਾਰ ਹੋਣ ਦੀ ਉਮੀਦ ਹੈ।

ਦੋ-ਪੱਖੀ ਸਬੰਧਾਂ ਦੇ ਨਵੇਂ ਦੌਰ ਦੀ ਹੋ ਸਕਦੀ ਹੈ ਸ਼ੁਰੂਆਤ

ਭਾਰਤ ਵਿਚ ਅਮਰੀਕਾ ਦੇ ਰਾਜਦੂਤ ਰਹੇ ਰਿਚਰਡ ਵਰਮਾ ਨੇ ਕਿਹਾ ਹੈ ਕਿ ਰਾਸ਼ਟਰਪਤੀ ਟਰੰਪ ਦੀ ਭਾਰਤ ਯਾਤਰਾ ਦੋ-ਪੱਖੀ ਸਬੰਧਾਂ ਵਿਚ ਇਕ ਨਵੇਂ ਦੌਰ ਦੀ ਸ਼ੁਰੂਆਤ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ 1947 ਤੋਂ ਹੁਣ ਤਕ ਕੇਵਲ ਛੇ ਅਮਰੀਕੀ ਰਾਸ਼ਟਰਪਤੀ ਭਾਰਤ ਆਏ ਹਨ।

ਪਿਛਲੇ ਤਿੰਨ ਰਾਸ਼ਟਰਪਤੀਆਂ ਦੀ ਯਾਤਰਾ ਵਿਚ ਸੁਰੱਖਿਆ ਅਤੇ ਆਰਥਿਕ ਮੁੱਦੇ ਤਰਜੀਹ 'ਤੇ ਰਹੇ ਹਨ ਪ੍ਰੰਤੂ ਲੋਕਤੰਤਰ ਪ੍ਰਤੀ ਪ੍ਰਤੀਬੱਧਤਾ ਅਤੇ ਵਿਭਿੰਨਤਾ 'ਤੇ ਵੀ ਉੱਨੀ ਹੀ ਚਿੰਤਾ ਪ੍ਰਗਟਾਈ ਗਈ ਹੈ। ਇਹੀ ਦੋਵਾਂ ਦੇਸ਼ਾਂ ਦੀ ਭਾਈਵਾਲੀ ਦਾ ਇਕ ਮਹੱਤਵਪੂਰਣ ਪਹਿਲੂ ਹੈ ਜੋ ਇਸ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ।