ਵਾਸ਼ਿੰਗਟਨ ,ਪੀਟੀਆਈ : ਅਮਰੀਕਾ ਦੇ ਕੈਲੀਫੋਰਨੀਆ ਵਿਚ ਮਾਮਲੇ ਦੀ ਸੁਣਵਾਈ ਦੌਰਾਨ ਆਪਰੇਸ਼ਨ ਕਰਦੇ ਪਾਏ ਜਾਣ 'ਤੇ ਡਾਕਟਰ ਖ਼ਿਲਾਫ਼ ਜਾਂਚ ਬਿਠਾਏ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਦਰਅਸਲ, ਪਲਾਸਟਿਕ ਸਰਜਨ ਨੇ ਟ੍ਰੈਫਿਕ ਦੇ ਨਿਯਮਾਂ ਦਾ ਉਲੰਘਣ ਕੀਤਾ ਸੀ ਜਿਸ ਨੂੰ ਲੈ ਕੇ ਵੀਡੀਓ ਕਾਲਿੰਗ ਦੇ ਮਾਧਿਅਮ ਰਾਹੀਂ ਸੁਣਵਾਈ ਚੱਲ ਰਹੀ ਸੀ।


ਸੁਪੀਰੀਅਰ ਕੋਰਟ ਆਫ ਕੈਲੀਫੋਰਨੀਆ ਵਿਚ ਸਰਜਨ ਖ਼ਿਲਾਫ਼ ਮੁਕੱਦਮਾ ਚੱਲ ਰਿਹਾ ਸੀ ਪ੍ਰੰਤੂ ਮਹਾਮਾਰੀ ਕਾਰਨ ਇਹ ਸੁਣਵਾਈ ਵੀਡੀਓ ਕਾਲ ਰਾਹੀਂ ਕੀਤੀ ਜਾ ਰਹੀ ਸੀ। ਇਸ ਦੌਰਾਨ ਡਾਕਟਰ ਸਕਾਟ ਗ੍ਰੀਨ ਅਦਾਲਤ ਦੇ ਸਾਹਮਣੇ ਕੈਮਰੇ ਰਾਹੀਂ ਪੇਸ਼ ਹੋਇਆ ਤਾਂ ਪਤਾ ਚੱਲਿਆ ਕਿ ਸੁਣਵਾਈ ਦੌਰਾਨ ਉਹ ਸਰਜਰੀ ਕਰ ਰਹੇ ਸਨ। ਸੁਣਵਾਈ ਸ਼ੁਰੂ ਹੋਣ ਤੋਂ ਪਹਿਲੇ ਕੋਰਟ ਰੂਮ ਕਲਰਕ ਨੇ ਪੁੱਛਿਆ ਕਿ ਕੀ ਤੁਸੀਂ ਸੁਣਵਾਈ ਲਈ ਤਿਆਰ ਹੋ। ਹਾਲਾਂਕਿ ਬਾਅਦ ਵਿਚ ਕਲਰਕ ਨੇ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਤੁਸੀਂ ਆਪ੍ਰਰੇਸ਼ਨ ਥੀਏਟਰ ਵਿਚ ਹੋ। ਜਦੋਂ ਕੋਰਟ ਰੂਮ ਕਲਰਕ ਨੇ ਯਾਦ ਦਿਵਾਇਆ ਕਿ ਪ੍ਰਕਿਰਿਆ ਦੀ ਲਾਈਵ ਸਟ੍ਰੀਮਿੰਗ ਹੋ ਰਹੀ ਹੈ ਤਾਂ ਡਾਕਟਰ ਨੇ ਜਵਾਬ ਦਿੱਤਾ ਕਿ ਹਾਂ, ਮੈਂ ਟ੍ਰਾਇਲ ਲਈ ਉਪਲੱਬਧ ਹਾਂ ਅਤੇ ਆਪਰੇਟਿੰਗ ਰੂਮ ਵਿਚ ਹਾਂ। ਵੀਡੀਓ ਵਿਚ ਨਜ਼ਰ ਆਇਆ ਕਿ ਉਹ ਕੋਰਟ ਕਮਿਸ਼ਨਰ ਗੈਰੀ ਲਿੰਕ ਦਾ ਇੰਤਜ਼ਾਰ ਕਰਦੇ ਹੋਏ ਲਗਾਤਾਰ ਆਪਣਾ ਕੰਮ ਕਰ ਰਹੇ ਸਨ।

ਇਸ ਦੌਰਾਨ ਲਿੰਕ ਜਿਵੇਂ ਹੀ ਕੋਰਟ ਕਮਿਸ਼ਨਰ ਗੈਰੀ ਲਿੰਕ ਕੋਲ ਪੁੱਜਾ ਤਾਂ ਉਨ੍ਹਾਂ ਨੂੰ ਮਰੀਜ਼ ਦੀ ਚਿੰਤਾ ਹੋਈ ਅਤੇ ਉਨ੍ਹਾਂ ਨੂੰ ਸੁਣਵਾਈ ਕਰਨ ਵਿਚ ਹਿਚਕਿਚਾਹਟ ਹੋਈ। ਇਸ 'ਤੇ ਡਾਕਟਰ ਗ੍ਰੀਨ ਨੇ ਕਿਹਾ ਕਿ ਮੇਰੇ ਨਾਲ ਇਕ ਹੋਰ ਸਰਜਨ ਮੌਜੂਦ ਹਨ ਜੋ ਮੇਰੇ ਨਾਲ ਸਰਜਰੀ ਕਰ ਰਹੇ ਹਨ। ਇਸ ਲਈ ਮੈਂ ਇੱਥੇ ਖੜ੍ਹਾ ਰਹਿ ਸਕਦਾ ਹਾਂ। ਇਸ 'ਤੇ ਜੱਜ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਸੁਣਵਾਈ ਕਰਨਾ ਸਹੀ ਨਹੀਂ ਹੈ। ਉਨ੍ਹਾਂ ਸੁਣਵਾਈ ਲਈ ਨਵੀਂ ਤਰੀਕ ਦਾ ਐਲਾਨ ਕੀਤਾ ਤਾਂ ਡਾਕਟਰ ਨੇ ਮਾਫ਼ੀ ਮੰਗੀ। ਉਧਰ, ਮੈਡੀਕਲ ਬੋਰਡ ਆਫ ਕੈਲੀਫੋਰਨੀਆ ਨੇ ਕਿਹਾ ਹੈ ਕਿ ਉਹ ਘਟਨਾ ਦੀ ਜਾਂਚ ਕਰੇਗਾ। ਦੱਸਣਯੋਗ ਹੈ ਕਿ ਵੀਡੀਓ ਵਿਚ ਕੋਈ ਮਰੀਜ਼ ਤਾਂ ਨਜ਼ਰ ਨਹੀਂ ਆਇਆ ਪ੍ਰੰਤੂ ਕੈਮਰੇ ਵਿਚ ਮਸ਼ੀਨਾਂ ਦੀ ਬੀਪ ਦੀ ਆਵਾਜ਼ ਸਾਫ਼ ਤੌਰ 'ਤੇ ਸੁਣੀ ਜਾ ਰਹੀ ਸੀ।

Posted By: Rajnish Kaur