ਵਾਸ਼ਿੰਗਟਨ (ਪੀਟੀਆਈ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾਂ ਨੇ ਚੀਨ ਦੀ ਸ਼ਾਰਟ ਵੀਡੀਓ ਸਰਵਿਸ ਟਿਕਟਾਕ ਦੇ ਬਾਰੇ ਵਿਚ ਫ਼ੈਸਲਾ ਕਰਨ ਲਈ ਵਾਲਮਾਰਟ ਅਤੇ ਓਰੇਕਲ ਨਾਲ ਗੱਲਬਾਤ ਕੀਤੀ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਟਰੰਪ ਨੇ ਟਿਕਟਾਕ ਅਤੇ ਵੀਚੈਟ 'ਤੇ ਪਾਬੰਦੀ ਲਗਾਉਣ ਲਈ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ ਸਨ ਜਿਸ ਤਹਿਤ ਦੋਵੇਂ ਚੀਨੀ ਕੰਪਨੀਆਂ ਆਪਣੀ ਮਾਲਕੀ ਕਿਸੇ ਅਮਰੀਕੀ ਕੰਪਨੀ ਨੂੰ ਦੇ ਕੇ ਪਾਬੰਦੀ ਤੋਂ ਬਚ ਸਕਦੀਆਂ ਹਨ। ਫਿਲਹਾਲ ਟਿਕਟਾਕ ਦਾ ਮਾਲਕਾਨਾ ਹੱਕ ਬੀਜਿੰਗ ਸਥਿਤ ਚੀਨੀ ਕੰਪਨੀ ਬਾਈਟਡਾਂਸ ਕੋਲ ਹੈ।

ਸ਼ੁਰੂਆਤ ਵਿਚ ਟਿਕਟਾਕ ਦੀ ਮਾਲਕੀ ਹਾਸਲ ਕਰਨ ਲਈ ਮਾਈਕ੍ਰੋਸਾਫਟ ਬਾਈਟਡਾਂਸ ਨਾਲ ਗੱਲਬਾਤ ਕਰ ਰਿਹਾ ਸੀ ਪ੍ਰੰਤੂ ਹੁਣ ਓਰੇਕਲ ਅਤੇ ਵਾਲਮਾਰਟ ਇਸ ਸਬੰਧ ਵਿਚ ਗੱਲਬਾਤ ਕਰ ਰਹੇ ਹਨ। ਟਰੰਪ ਨੇ ਵ੍ਹਾਈਟ ਹਾਊਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਇਕ ਫ਼ੈਸਲਾ ਕਰ ਰਹੇ ਹਾਂ। ਅਸੀਂ ਅੱਜ ਵਾਲਮਾਰਟ, ਓਰੇਕਲ ਨਾਲ ਗੱਲ ਕੀਤੀ। ਮੈਨੂੰ ਲੱਗਦਾ ਹੈ ਕਿ ਮਾਈਕ੍ਰੋਸਾਫਟ ਅਜੇ ਵੀ ਇਸ ਗੱਲਬਾਤ ਵਿਚ ਸ਼ਾਮਲ ਹੈ। ਅਸੀਂ ਜਲਦੀ ਹੀ ਫ਼ੈਸਲਾ ਲਵਾਂਗੇ ਪ੍ਰੰਤੂ ਬਹੁਤ ਕੁਝ ਨਹੀਂ ਬਦਲਿਆ ਹੈ। ਇਸ ਦੌਰਾਨ ਅਮਰੀਕੀ ਸੰਸਦ ਦੇ ਵਿਦੇਸ਼ ਸਬੰਧ ਅਤੇ ਨਿਆਪਾਲਿਕਾ ਨਾਲ ਜੁੜੀਆਂ ਕਮੇਟੀਆਂ ਦੇ ਮੈਂਬਰ ਟੇਡ ਕਰੂਜ਼ ਨੇ ਵਿੱਤ ਮੰਤਰੀ ਸਟੀਵਨ ਮਨੁਚਿਤ ਨੂੰ ਪੱਤਰ ਲਿਖ ਕੇ ਚਿੰਤਾ ਪ੍ਰਗਟਾਈ ਹੈ ਕਿ ਓਰੇਗਲ-ਟਿਕਟਾਕ ਸੌਦੇ ਨਾਲ ਅਮਰੀਕੀ ਜਨਤਾ ਚੀਨ ਦੀ ਕਮਿਊਨਿਸਟ ਪਾਰਟੀ ਦੇ ਪ੍ਰਭਾਵ ਵਿਚ ਆ ਸਕਦੀ ਹੈ। ਇਹ ਸੌਦਾ ਅਮਰੀਕਾ ਦੀ ਸੁਰੱਖਿਆ ਚਿੰਤਾਵਾਂ ਨੂੰ ਵੀ ਨਜ਼ਰਅੰਦਾਜ਼ ਕਰਦਾ ਹੈ। ਇਸ ਦੌਰਾਨ ਵ੍ਹਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ ਨੇ ਕਿਹਾ ਕਿ ਸੌਦਾ ਅਜੇ ਪੂਰਾ ਨਹੀਂ ਹੋਇਆ ਹੈ। ਫਿਲਹਾਲ ਸਾਡੇ ਕੋਲ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ ਜਿਸ ਦੇ ਬਾਰੇ ਵਿਚ ਇਹ ਕਿਹਾ ਜਾਵੇ ਕਿ ਇਸ ਨੂੰ ਸਵੀਕਾਰ ਕੀਤਾ ਜਾ ਸਕਦਾ ਹੈ ਜਾਂ ਨਹੀਂ। ਦਰਅਸਲ ਮੀਡੀਆ ਰਿਪੋਰਟ ਦੇ ਮੁਤਾਬਕ ਟਿਕਟਾਕ ਨੂੰ ਖ਼ਰੀਦਣ ਵਿਚ ਦਿਲਚਸਪੀ ਰੱਖਣ ਵਾਲੀਆਂ ਦੂਜੀਆਂ ਕੰਪਨੀਆਂ ਨੇ ਮਹਿਸੂਸ ਕੀਤਾ ਕਿ ਉਹ ਚੀਨੀ ਸਰਕਾਰ ਦੀਆਂ ਸ਼ਰਤਾਂ ਤਹਿਤ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਨੂੰ ਦੂਰ ਕਰਨ ਵਿਚ ਅਸਮਰਥ ਹਨ।