ਸੰਯੁਕਤ ਰਾਸ਼ਟਰ (ਆਈਏਐੱਨਐੱਸ) : ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੈਫ) ਦੀ ਕਾਰਜਕਾਰੀ ਡਾਇਰੈਕਟਰ ਹੈਨਰਿਟਾ ਫੋਰ ਨੇ ਚੌਕਸ ਕੀਤਾ ਹੈ ਕਿ ਹਵਾ ਪ੍ਰਦੂਸ਼ਣ ਬੱਚਿਆਂ ਦੇ ਮਾਨਸਿਕ ਵਿਕਾਸ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫੋਰ ਨੇ ਭਾਰਤ ਅਤੇ ਦੱਖਣੀ ਏਸ਼ੀਆ ਵਿਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਉਚਿਤ ਕਦਮ ਉਠਾਉਣ ਦੀ ਅਪੀਲ ਕੀਤੀ ਹੈ।

ਹਾਲ ਹੀ 'ਚ ਭਾਰਤ ਤੋਂ ਪਰਤੀ ਫੋਰ ਨੇ ਕਿਹਾ ਕਿ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ਤਕ ਪਹੁੰਚ ਗਈ ਸੀ। ਤੁਸੀਂ ਜ਼ਹਿਰੀਲੇ ਸਮੌਗ ਨੂੰ ਏਅਰ ਫਿਲਟਰ ਮਾਸਕ ਲਗਾਉਣ ਦੇ ਬਾਵਜੂਦ ਮਹਿਸੂਸ ਕਰ ਸਕਦੇ ਸੀ। ਮੈਂ ਦੇਖਿਆ ਕਿ ਕਿਵੇਂ ਹਵਾ ਪ੍ਰਦੂਸ਼ਣ ਕਾਰਨ ਬੱਚੇ ਪਰੇਸ਼ਾਨ ਹੋ ਰਹੇ ਹਨ। ਪ੍ਰਦੂਸ਼ਣ ਸਭ ਤੋਂ ਜ਼ਿਆਦਾ ਬੱਚਿਆਂ ਅਤੇ ਉਨ੍ਹਾਂ ਦੇ ਪੂਰੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ ਕਿਉਂਕਿ ਬੱਚਿਆਂ ਦੇ ਫੇਫੜੇ ਛੋਟੇ ਹੁੰਦੇ ਹਨ। ਨਾਲ ਹੀ ਬੱਚਿਆਂ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਘੱਟ ਹੁੰਦੀ ਹੈ। ਬੱਚਿਆਂ ਵਿਚ ਪ੍ਰਦੂਸ਼ਣ ਕਾਰਨ ਦਿਮਾਗ਼ ਦੇ ਟਿਸ਼ੂ ਅਤੇ ਸੋਚਣ ਸਮਝਣ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਦਿੱਲੀ ਵਿਚ ਹਵਾ ਗੁਣਵੱਤਾ ਸੂਚਕ ਅੰਕ ਖ਼ਤਰਨਾਕ ਪੱਧਰ ਤਕ ਪਹੁੰਚ ਗਿਆ ਸੀ।