ਵਾਸ਼ਿੰਗਟਨ : ਬਾਲਾਕੋਟ ਏਅਰਸਟ੍ਰਾਈਕ ਵਿਚ ਭਾਰਤ ਦੇ ਦਾਅਵੇ ਮੁਤਾਬਿਕ 200 ਅੱਤਵਾਦੀਆਂ ਦੇ ਮਾਰੇ ਜਾਣ ਦਾ ਅੰਕੜਾ ਸਹੀ ਸਾਬਿਤ ਹੁੰਦਾ ਦਿਸ ਰਿਹਾ ਹੈ। ਅਮਰੀਕਾ ਵਿਚ ਰਹਿ ਰਹੇ ਗਿਲਗਿਤ-ਬਾਲਟਿਸਤਾਨ ਦੇ ਐਕਟੀਵਿਸਟ ਸੇਂਗੀ ਹਸਨਾਨ ਸੇਰਿੰਗ ਨੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਕਿ ਇਨ੍ਹਾਂ ਅੱਤਵਾਦੀਆਂ ਦੀਆਂ ਲਾਸ਼ਾਂ ਬਾਲਾਕੋਟ ਤੋਂ ਖੈਬਰ ਪਖ਼ਤੂਨਖ਼ਵਾ ਲਿਜਾਈਆਂ ਗਈਆਂ। ਵੀਡੀਓ ਵਿਚ ਸਥਾਨਕ ਉਰਦੂ ਅਖਬਾਰਾਂ ਵਿਚ ਛਪੀ ਖ਼ਬਰ ਦਾ ਹਵਾਲਾ ਦਿੱਤਾ ਗਿਆ ਹੈ।

ਟਵਿੱਟਰ 'ਤੇ ਸ਼ੇਅਰ ਕੀਤੇ ਵੀਡੀਓ ਬਾਰੇ ਉਨ੍ਹਾਂ ਲਿਖਿਆ, 'ਭਾਰਤ ਦੇ ਏਅਰ ਸਟ੍ਰਾਈਕ ਤੋਂ ਬਾਅਦ ਪਾਕਿ ਫ਼ੌਜ ਦੇ ਅਧਿਕਾਰੀਆਂ ਨੇ 200 ਤੋਂ ਜ਼ਿਆਦਾ ਅੱਤਵਾਦੀਆਂ ਨੂੰ ਦਫ਼ਨਾਉਣ ਦੀ ਗੱਲ ਕਬੂਲ ਕੀਤੀ ਹੈ। ਅੱਤਵਾਦੀ ਮੁਜਾਹਿਦ ਨੂੰ ਅੱਲ੍ਹਾ ਤੋਂ ਮਿਲੀ ਵਿਸ਼ੇਸ਼ ਸੌਗਾਤ ਦੀ ਗੱਲ ਕਰਦਿਆਂ ਕਿਹਾ ਕਿ ਇਹ ਲੋਕ ਪਾਕਿਸਤਾਨ ਸਰਕਾਰ ਲਈ ਦੁਸ਼ਮਣ ਖ਼ਿਲਾਫ਼ ਕੰਮ ਕਰ ਰਹੇ ਸਨ। ਉਨ੍ਹਾਂ ਦੇ ਪਰਿਵਾਰਾਂ ਨੂੰ ਸਹਿਯੋਗ ਦੇਣ ਦੀ ਗੱਲ ਕੀਤੀ।'

ਕੀ ਹੈ ਵੀਡੀਓ 'ਚ?

ਵੀਡੀਓ ਵਿਚ ਕੁਝ ਪਾਕਿ ਅਧਿਕਾਰੀ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਦੌਰਾਨ ਉਹ ਰੋਂਦੇ ਹੋਏ ਬੱਚਿਆਂ ਨੂੰ ਚੁੱਪ ਕਰਵਾਉਂਦੇ ਵੀ ਦੇਖੇ ਜਾ ਰਹੇ ਹਨ। ਇਸੇ ਦੌਰਾਨ ਪਿੱਛਿਓਂ ਕਿਸੇ ਦੀ ਆਵਾਜ਼ ਆ ਰਹੀ ਹੈ, ਜਿਸ ਵਿਚ ਇਕ ਸ਼ਖ਼ਸ ਕਹਿ ਰਿਹਾ ਹੈ ਕਿ ਇਹ ਅੱਲ੍ਹਾ ਦਾ ਕਰਮ ਹੈ। ਸਾਡੇ 200 ਬੰਦਿਆਂ ਨੂੰ ਇਹ ਮੌਕਾ ਮਿਲਿਆ। ਹਾਲਾਂਕਿ, ਦੈਨਿਕ ਜਾਗਰਣ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਦੇਖੋ ਵੀਡੀਓ....


ਜ਼ਿਕਰਯੋਗ ਹੈ ਕਿ ਬਾਲਾਕੋਟ ਵਿਚ ਅੱਤਵਾਦੀ ਕੈਂਪਾਂ ਦੇ ਤਬਾਹ ਹੋਣ ਦੀਆਂ ਖ਼ਬਰਾਂ ਨੂੰ ਪਾਕਿਸਤਾਨ ਸਰਕਾਰ ਲਗਾਤਾਰ ਖਾਰਜ ਕਰਦੀ ਰਹੀ ਹੈ। ਪਾਕਿਸਤਾਨ ਨੇ ਇਤ ਇੱਥੋਂ ਤਕ ਦਾਅਵਾ ਕੀਤਾ ਕਿ ਉੱਥੇ ਨਾ ਤਾਂ ਅੱਤਵਾਦੀ ਕੈਂਪ ਹਨ ਅਤੇ ਨਾ ਹੀ ਕੋਈ ਮਾਰਿਆ ਗਿਆ। ਦੂਸਰੇ ਪਾਸੇ ਭਾਰਤ ਨੇ ਇਸ ਏਅਰ ਸਟ੍ਰਾਈਕ ਵਿਚ 200 ਤੋਂ ਜ਼ਿਆਦਾ ਅੱਤਵਾਦੀਆਂ ਦੇ ਮਾਰੇ ਜਾਣ ਅਤੇ ਅੱਤਵਾਦੀ ਕੈਂਪ ਦੇ ਬੁਰੀ ਤਰ੍ਹਾਂ ਤਬਾਹ ਹੋਣ ਦਾ ਦਾਅਵਾ ਕੀਤਾ ਹੈ। ਵੀਡੀਓ ਨੂੰ ਸਹੀ ਮੰਨੀਏ ਤਾਂ ਭਾਰਤ ਦਾ ਦਾਅਵਾ ਸਹੀ ਸਾਬਿਤ ਹੁੰਦਾ ਹੈ।

Posted By: Seema Anand