ਕਾਬੁਲ : ਅਮਰੀਕਾ ਦੇ ਕਾਰਜਵਾਹਕ ਰੱਖਿਆ ਮੰਤਰੀ ਪੈਟਿ੍ਕ ਸ਼ਾਨਹਾਨ ਸੋਮਵਾਰ ਨੂੰ ਅਚਾਨਕ ਅਫ਼ਗਾਨਿਸਤਾਨ ਪਹੁੰਚੇ। ਉਨ੍ਹਾਂ ਇੱਥੇ ਇਕ ਕਿਹਾ ਕਿ ਸ਼ਾਂਤੀ ਵਾਰਤਾ 'ਚ ਅਫ਼ਗਾਨ ਸਰਕਾਰ ਦਾ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਸ਼ਾਨਹਾਨ ਅਫ਼ਗਾਨਿਸਤਾਨ 'ਚ ਤਾਇਨਾਤ ਅਮਰੀਕੀ ਸੈਨਿਕਾਂ ਤੇ ਰਾਸ਼ਟਰਪਤੀ ਅਸ਼ਰਫ ਗਨੀ ਨਾਲ ਵੀ ਮੁਲਾਕਾਤ ਕਰਨਗੇ।

ਅਫ਼ਗਾਨਿਸਤਾਨ 'ਚ 17 ਸਾਲ ਤੋਂ ਵੀ ਵੱਧ ਸਮੇਂ ਤੋਂ ਜਾਰੀ ਜੰਗ ਖ਼ਤਮ ਕਰਵਾਉਣ ਲਈ ਅਮਰੀਕਾ ਤੇ ਤਾਲਿਬਾਨ ਦੇ ਪ੍ਤੀਨਿਧਾਂ ਵਿਚਕਾਰ ਕਈ ਦੌਰ ਦੀ ਵਾਰਤਾ ਹੋ ਚੁੱਕੀ ਹੈ। ਅਗਲੀ ਗੱਲਬਾਤ 25 ਫਰਵਰੀ ਨੂੰ ਹੋਣੀ ਹੈ। ਤਾਲਿਬਾਨ ਇਸ ਸ਼ਾਂਤੀ ਵਾਰਤਾ 'ਚ ਅਫ਼ਗਾਨ ਸਰਕਾਰ ਨੂੰ ਸ਼ਾਮਲ ਨਹੀਂ ਹੋਣ ਦੇ ਰਿਹਾ। ਹਾਲਾਂਕਿ ਅਮਰੀਕਾ ਇਸ ਰੇੜਕੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ 'ਚ ਹੈ। ਸ਼ਾਨਹਾਨ ਨੇ ਇੱਥੇ ਕਿਹਾ, 'ਸਾਰੀਆਂ ਅਫ਼ਗਾਨ ਧਿਰਾਂ ਨੂੰ ਹੀ ਤੈਅ ਕਰਨਾ ਪਵੇਗਾ ਕਿ ਅਫ਼ਗਾਨਿਸਤਾਨ ਦਾ ਭਵਿੱਖ ਕਿਹੋ ਜਿਹਾ ਹੋਵੇ?' ਇਸ ਖੇਤਰ ਨਾਲ ਅਮਰੀਕਾ ਦਾ ਸੁਰੱਖਿਆ ਹਿੱਤ ਜੁੜੇ ਹੋਣ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਥੇ ਤਾਇਨਾਤ 14 ਹਜ਼ਾਰ ਅਮਰੀਕੀ ਸੈਨਿਕਾਂ ਦੀ ਗਿਣਤੀ ਘੱਟ ਕਰਨ ਦਾ ਕੋਈ ਨਿਰਦੇਸ਼ ਨਹੀਂ ਦਿੱਤਾ ਗਿਆ ਹੈ। ਜਿਮ ਮੈਟਿਸ ਦੀ ਜਗ੍ਹਾ ਕਾਰਜਵਾਹਕ ਮੰਤਰੀ ਬਣਾਏ ਗਏ ਸ਼ਾਨਹਾਨ ਨੇ ਕਿਹਾ ਕਿ ਉਹ ਸਿਰਫ਼ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਆਏ ਹਨ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਫ਼ਗਾਨਿਸਤਾਨ 'ਚ ਤਾਇਨਾਤ ਅੱਧੇ ਸੈਨਿਕਾਂ ਨੂੰ ਵਾਪਸ ਬੁਲਾ ਲੈਣ ਦੀ ਗੱਲ ਕਰ ਚੁੱਕੇ ਹਨ। ਅਫ਼ਗਾਨ ਸਰਕਾਰ ਨੂੰ ਡਰ ਹੈ ਕਿ ਅਮਰੀਕੀ ਸੈਨਿਕ ਹਟਣ ਨਾਲ ਹਾਲਾਤ ਵਿਗੜ ਸਕਦੇ ਹਨ। ਸ਼ਾਂਤੀ ਵਾਰਤਾ 'ਚ ਅਮਰੀਕਾ ਦੇ ਪ੍ਤੀਨਿਧੀ ਜਾਲਮੇ ਖਲੀਲਜ਼ਾਦ ਦਾ ਕਹਿਣਾ ਹੈ ਕਿ ਤਾਲਿਬਾਨ ਨਾਲ ਸ਼ਾਂਤੀ ਸਮਝੌਤੇ 'ਤੇ ਵਾਰਤਾ ਹੋ ਰਹੀ ਹੈ। ਅਮਰੀਕਾ ਸਿਰਫ਼ ਸੈਨਿਕ ਵਾਪਸ ਬੁਲਾਉਣ ਦਾ ਕਰਾਰ ਨਹੀਂ ਕਰੇਗਾ।