Abortion Rights : ਵਾਸ਼ਿੰਗਟਨ (ਰਾਇਟਰ) : ਅਮਰੀਕਾ ਦੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਕਾਨੂੰਨੀ ਤੌਰ ’ਤੇ ਮਨਜ਼ੂਰੀ ਦੇਣ ਵਾਲੇ 50 ਸਾਲ ਪੁਰਾਣੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਇਸ ਦੇ ਨਾਲ ਹੀ ਅਮਰੀਕਾ ’ਚ ਗਰਭਪਾਤ ਦੀ ਸੰਵਿਧਾਨਕ ਸਰਪ੍ਰਸਤੀ ਖ਼ਤਮ ਹੋ ਗਈ ਹੈ। ਹੁਣ ਅਮਰੀਕਾ ਦੇ ਸਾਰੇ ਸੂਬੇ ਗਰਭਪਾਤ ਨੂੰ ਲੈ ਕੇ ਆਪਣੇ-ਆਪਣੇ ਅਲੱਗ ਨਿਯਮ ਬਣਾਉਣਗੇ।

ਸੁਪਰੀਮ ਕੋਰਟ ਦੇ ਨੌਂ ਮੈਂਬਰੀ ਬੈਂਚ ਨੇ 5-4 ਦੇ ਬਹੁਮਤ ਨਾਲ ਰੋ ਬਨਾਮ ਵੇਡ ਦੇ ਫ਼ੈਸਲੇ ਨੂੰ ਪਲਟ ਦਿੱਤਾ, ਜਿਸ ਵਿਚ ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦਿੱਤਾ ਗਿਆ ਸੀ। ਉਥੇ, ਬੈਂਚ ਨੇ ਛੇ-ਤਿੰਨ ਦੇ ਬਹੁਮਤ ਨਾਲ ਆਪਣੇ ਫ਼ੈਸਲੇ ਵਿਚ ਰਿਪਬਲਿਕਨ ਸਮਰਥਕ ਮਿਸੀਸਿਪੀ ਸੂਬੇ ਦੇ ਕਾਨੂੰਨ ਨੂੰ ਬਰਕਰਾਰ ਰੱਖਿਆ ਹੈ ਜਿਸ ਵਿਚ 15 ਹਫ਼ਤੇ ਤੋਂ ਬਾਅਦ ਗਰਭਪਾਤ ’ਤੇ ਪਾਬੰਦੀ ਲਾਈ ਗਈ ਹੈ। ਬਹੁਮਤ ਨਾਲ ਲਏ ਗਏ ਫ਼ੈਸਲੇ ਨੂੰ ਸੁਣਾਉਂਦੇ ਹੋਏ ਜਸਟਿਸ ਸੈਮੂਅਲ ਅਲਿਟੋ ਨੇ ਕਿਹਾ ਕਿ ਸੰਵਿਧਾਨ ਗਰਭਪਾਤ ਦਾ ਅਧਿਕਾਰ ਪ੍ਰਦਾਨ ਨਹੀਂ ਕਰਦਾ ਹੈ। ਗਰਭਪਾਤ ਨੂੰ ਲੈ ਕੇ ਕਾਨੂੰਨ ਬਣਾਉਣ ਦਾ ਅਧਿਕਾਰ ਲੋਕਾਂ ਅਤੇ ਉਨ੍ਹਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਨੂੰ ਵਾਪਸ ਕਰ ਦਿੱਤਾ ਗਿਆ ਹੈ। ਇਸ ਫ਼ੈਸਲੇ ਤੋਂ ਬਾਅਦ ਹੁਣ ਸੂਬੇ ਆਪਣੇ ਹਿਸਾਬ ਨਾਲ ਅਲੱਗ-ਅਲੱਗ ਕਾਨੂੰਨ ਬਣਾ ਸਕਣਗੇ। ਸਮਾਜਿਕ ਅਤੇ ਸਿਆਸੀ ਰੂਪ ਨਾਲ ਵੰਡੇ ਗਏ ਸੂਬਿਆਂ ਵਿਚ ਗਰਭਪਾਤ ਨੂੰ ਲੈ ਕੇ ਵੱਖ-ਵੱਖ ਰਾਇ ਹੈ।

-------

1973 ਦਾ ਫ਼ੈਸਲਾ ਕੀ ਸੀ?

ਅਮਰੀਕਾ ’ਚ 1973 ’ਚ ਰੋ ਬਨਾਮ ਵੇਡ ਦੇ ਫ਼ੈਸਲੇ ਵਿਚ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਸੰਵਿਧਾਨਕ ਅਧਿਕਾਰ ਦਾ ਦਰਜਾ ਦਿੱਤਾ ਸੀ। ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਗਰਭ ਅਵਸਥਾ ਦੇ ਪਹਿਲੇ ਤਿੰਨ ਮਹੀਨਿਆਂ ਵਿਚ ਇਕ ਔਰਤ ਅਤੇ ਉਸ ਦੇ ਡਾਕਟਰ ਨੂੰ ਇਹ ਫ਼ੈਸਲਾ ਕਰਨ ਦਾ ਅਧਿਕਾਰ ਹੈ ਕਿ ਉਸ ਨੂੰ ਕੀ ਕਰਨਾ ਹੈ। 1992 ’ਚ ਵੀ ਸੁਪਰੀਮ ਕੋਰਟ ਨੇ ਪੈਂਸਿਲਵੇਨੀਆ ਬਨਾਮ ਕੈਸੀ ਮਾਮਲੇ ’ਚ ਗਰਭਪਾਤ ਦੇ ਅਧਿਕਾਰ ਨੂੰ ਬਰਕਰਾਰ ਰੱਖਿਆ ਸੀ।

-------

ਕੀ ਸੀ ਰੋ ਬਨਾਮ ਵੇਡ ਮਾਮਲਾ?

ਜੇਨ ਰੋ ਉਰਫ਼ ਨੋਰਮਾ ਮੈਕਕੋਰਵੇ 22 ਸਾਲ ਦੀ ਅਣਵਿਆਹੀ ਤੇ ਬੇਰੁਜ਼ਗਾਰ ਔਰਤ ਸੀ, ਜਿਹਡ਼ੀ 1969 ਵਿਚ ਤੀਜੀ ਵਾਰ ਗਰਭਵਤੀ ਹੋਈ ਸੀ। ਟੈਕਸਾਸ ’ਚ ਗਰਭਪਾਤ ’ਤੇ ਰੋਕ ਕਾਰਨ ਉਸ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਡ਼ਕਾਇਆ ਸੀ। ਗਰਭਪਾਤ ਨੂੰ ਲੈ ਕੇ ਉਸ ਦੇ ਪੱਖ ਵਿਚ ਜਦੋਂ ਤਕ ਫ਼ੈਸਲਾ ਆਇਆ ਸੀ, ਉਦੋਂ ਤਕ ਉਸ ਨੇ ਇਕ ਬੱਚੀ ਨੂੰ ਜਨਮ ਦੇ ਦਿੱਤਾ ਸੀ। ਹੇਨਰੀ ਵੇਡ ਟੈਕਸਾਸ ਦੇ ਡਲਾਸ ਕਾਊਂਟੀ ਵਿਚ ਸਰਕਾਰੀ ਵਕੀਲ ਸਨ, ਜਿਨ੍ਹਾਂ ਗਰਭਪਾਤ ਦੇ ਅਧਿਕਾਰ ਦਾ ਵਿਰੋਧ ਕੀਤਾ ਸੀ। ਇਸੇ ਕਾਰਨ ਇਸ ਮਾਮਲੇ ਨੂੰ ਰੋ ਬਨਾਮ ਵੇਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

Posted By: Seema Anand