ਬੋਇਸੇ (ਏਪੀ) : ਅਮਰੀਕਾ 'ਚ ਆਏ ਦਿਨ ਗੋਲ਼ੀਬਾਰੀ ਦੀਆਂ ਘਟਨਾਵਾਂ ਵਿਚਾਲੇ ਇਕ ਹੈਰਾਨ ਕਰਨ ਵਾਲੀ ਜਾਣਕਾਰੀ ਆਈ ਹੈ। ਇਥੇ ਇਡਾਹੋ ਸੂਬੇ ਦੇ ਰਿਗਵੀ 'ਚ ਇਕ ਸਕੂਲ ਦੀ 6ਵੀਂ ਜਮਾਤ 'ਚ ਪੜ੍ਹਨ ਵਾਲੀ ਕੁੜੀ ਨੇ ਹੀ ਗੋਲ਼ੀਬਾਰੀ ਕਰ ਦਿੱਤੀ। ਘਟਨਾ 'ਚ ਦੋ ਵਿਦਿਆਰਥੀਆਂ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਬਾਅਦ 'ਚ ਇਸ ਵਿਦਿਆਰਥੀ ਤੋਂ ਕਿਸੇ ਤਰ੍ਹਾਂ ਦੀ ਉਸ ਦੀ ਇਕ ਅਧਿਆਪਕਾ ਨੇ ਹੈਂਡਗਨ ਨੂੰ ਆਪਣੇ ਕਬਜ਼ੇ 'ਚ ਲਿਆ। ਪੁਲਿਸ ਦੇ ਆਉਣ 'ਤੇ ਗੋਲ਼ੀਬਾਰੀ ਕਰਨ ਵਾਲੀ ਕੁੜੀ ਨੂੰ ਸੌਂਪ ਦਿੱਤਾ ਗਿਆ। ਤਿੰਨ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ, ਜਿਥੇ ਇਕ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਫਿਲਹਾਲ ਗੋਲ਼ੀਬਾਰੀ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਹਾਲੇ ਜਾਂਚ ਕੀਤੀ ਜਾ ਰਹੀ ਹੈ। ਇਸ ਸਨਸਨੀਖੇਜ ਘਟਨਾ ਤੋਂ ਬਾਅਦ ਸਕੂਲ ਬੰਦ ਕਰ ਦਿੱਤਾ ਗਿਆ ਹੈ। ਚਸ਼ਮਦੀਦ ਵਿਦਿਆਰਥੀਆਂ ਨੇ ਦੱਸਿਆ ਕਿ ਲੜਕੀ ਦੇ ਬੈਗ 'ਚ ਹੈਂਡਗਨ ਰੱਖੀ ਹੋਈ ਸੀ। ਉਸ ਨੇ ਬੈਗ 'ਚੋਂ ਹੈਂਡਗਨ ਕੱਢ ਕੇ ਤਾਬੜਤੋੜ ਗੋਲ਼ੀਆਂ ਚਲਾ ਦਿੱਤੀਆਂ।

ਛੇਵੀਂ ਤੋਂ ਅੱਠਵੀਂ ਕਲਾਸ ਤਕ ਦੇ ਇਸ ਸਕੂਲ 'ਚ ਲਗਪਗ ਡੇਢ ਹਜ਼ਾਰ ਤੋਂ ਜ਼ਿਆਦਾ ਬੱਚੇ ਹਨ। ਇਸ ਤੋਂ ਪਹਿਲਾਂ 1989 'ਚ ਰਿਗਵੀ ਦੇ ਹੀ ਇਕ ਸਕੂਲ 'ਚ 14 ਸਾਲਾ ਵਿਦਿਆਰਥੀ ਨੇ ਇਕ ਲੜਕੀ ਦੀ ਕਨਪਟੀ 'ਤੇ ਗਨ ਲਾ ਕੇ ਬੰਧਕ ਬਣਾ ਲਿਆ ਸੀ।