ਵਾਸ਼ਿੰਗਟਨ (ਏਜੰਸੀ) : ਅਮਰੀਕੀ ਸੰਸਦ ਦੇ ਉੱਚ ਸਦਨ ਸੈਨੇਟ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਚੱਲ ਰਹੀ ਮਹਾਦੋਸ਼ ਦੀ ਸੁਣਵਾਈ ਦੌਰਾਨ ਉਨ੍ਹਾਂ ਦੇ ਤੇ ਬਿਜ਼ਨਸਮੈਨ ਲੇਵ ਪਰਨਾਸ ਦੀ ਨਜ਼ਦੀਕੀ ਦਾ ਇਕ ਹੋਰ ਵੀਡੀਓ ਵੀਰਵਾਰ ਨੂੰ ਸਾਹਮਣੇ ਆਇਆ। ਇਕ ਹਫ਼ਤੇ 'ਚ ਜਾਰੀ ਕੀਤਾ ਗਿਆ ਇਹ ਦੂਜਾ ਵੀਡੀਓ ਹੈ ਜਿਹੜਾ ਟਰੰਪ ਦੇ ਉਸ ਦਾਅਵੇ ਦੇ ਉਲਟ ਹੈ ਜਿਸ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਪਰਨਾਸ ਨੂੰ ਨਹੀਂ ਜਾਣਦੇ। ਪਰਨਾਸ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਹੀ ਟਰੰਪ ਦੇ ਸਿਆਸੀ ਵਿਰੋਧੀਆਂ ਦੀ ਜਾਂਚ ਲਈ ਯੂਕ੍ਰੇਨ 'ਤੇ ਦਬਾਅ ਪਾਇਆ ਸੀ। ਟਰੰਪ ਦੇ ਵਕੀਲ ਰੂਡ ਗੁਲਿਆਨੀ ਦੇ ਸਾਬਕਾ ਸਹਿਯੋਗੀ ਪਰਨਾਸ ਤੇ ਉਨ੍ਹਾਂ ਦੇ ਵਪਾਰਕ ਭਾਈਵਾਲ ਇਗੋਰ ਫਰੂਮੈਨ ਨੂੰ ਪਿਛਲੇ ਸਾਲ ਸਾਜ਼ਿਸ਼, ਝੂਠੇ ਬਿਆਨ ਤੇ ਫਰਜ਼ੀ ਰਿਕਾਰਡ ਬਣਾਉਣ ਦੇ ਦੋਸ਼ਾਂ 'ਚ ਦੋਸ਼ੀ ਠਹਿਰਾਇਆ ਗਿਆ ਸੀ।

ਪਰਨਾਸ ਦੇ ਵਕੀਲ ਜੋਸਫ ਬਾਂਡੀ ਨੇ ਵੀਰਵਾਰ ਨੂੰ ਇਹ ਵੀਡੀਓ ਜਾਰੀ ਕੀਤਾ। 37 ਮਿੰਟ ਦਾ ਇਹ ਵੀਡੀਓ ਫਲੋਰਿਡਾ ਸਥਿਤ ਰਾਸ਼ਟਰਪਤੀ ਦੇ ਨਿੱਜੀ ਕਲੱਬ ਮਾਰ-ਏ-ਲਾਗੋ ਦਾ ਹੈ। 20 ਅਪ੍ਰੈਲ, 2018 ਦੇ ਇਸ ਵੀਡੀਓ 'ਚ ਰਿਪਬਲਿਕਨ ਪਾਰਟੀ ਨੂੰ ਚੰਦਾ ਦੇਣ ਵਾਲੇ ਲੋਕ ਸ਼ਾਮਲ ਹਨ। ਵੀਡੀਓ 'ਚ ਕੁਝ ਹਿੱਸੇ ਅਜਿਹੀ ਵੀ ਹਨ, ਜਿਸ ਵਿਚ ਲੱਗਦਾ ਹੈ ਕਿ ਰਾਸ਼ਟਰਪਤੀ ਦੇ ਨਾਲ ਆਪਣੀ ਨਜ਼ਦੀਕੀ ਦਿਖਾਉਣ ਲਈ ਪਰਨਾਸ ਨੇ ਇਹ ਵੀਡੀਓ ਖੁਦ ਬਣਾਇਆ ਹੈ। ਨਵੇਂ ਵੀਡੀਓ 'ਤੇ ਫਿਲਹਾਲ ਵ੍ਹਾਈਟ ਹਾਊਸ ਤੋਂ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ। ਪਰਨਾਸ ਨੇ ਜਾਂਚ ਕਮੇਟੀ ਨੂੰ ਟੈਕਸਟ ਮੈਸੇਜ ਤੇ ਹੋਰ ਦਸਤਾਵੇਜ਼ ਸੌਂਪੇ ਹਨ, ਜਿਸ 'ਚ 2020 'ਚ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਡੈਮੋਕ੍ਰੇਟਿਕ ਪਾਰਟੀ ਦੇ ਸੰਭਾਵਿਤ ਉਮੀਦਵਾਰ ਜੋ ਬਿਡੇਨ ਦੇ ਖਿਲਾਫ਼ ਭਿ੍ਸ਼ਟਾਚਾਰ ਦੀ ਜਾਂਚ ਖੋਲ੍ਹਣ ਦੀ ਗੱਲ ਕਹੀ ਗਈ ਹੈ।