ਵਾਸ਼ਿੰਗਟਨ (ਏਪੀ) : ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਦੀ ਵੱਡੀ ਅੰਤੜੀ ’ਚੋਂ ਪਿਛਲੇ ਹਫ਼ਤੇ ਇਕ ਗੱਠ ਕੱਢੀ ਗਈ ਹੈ ਜਿਸ ’ਚ ਕੈਂਸਰ ਹੋਣ ਦੀ ਸ਼ੰਕਾ ਸੀ। ਉਨ੍ਹਾਂ ਦੇ ਪੇਟ ’ਚ ਹੌਲ਼ੀ-ਹੌਲ਼ੀ ਵਧ ਰਹੇ ਇਸ ਟਿਊਮਰ (ਕੋਲੋਨ ਪੋਲੀ) ’ਚ ਭਵਿੱਖ ’ਚ ਕੈਂਸਰਬ ਹੋਣ ਦੇ ਲੱਛਣ ਸਨ। ਅਮਰੀਕੀ ਰਾਸ਼ਟਰਪਤੀ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਗੰਢ ਯਾਨੀ ਟਿਊਬਲਰ ਐਡੋਨੋਮਾ ਦੇ ਨਮੂਨੇ ਨੂੰ ਜਾਂਚ ਲਈ ਭੇਜਿਆ ਗਿਆ ਸੀ। ਇਹ ਉਹੋ ਜਿਹੀ ਹੀ ਗੰਢ ਸੀ ਜਿਹੋ ਜਿਹੀ ਬਾਇਡਨ ਨੂੰ ਸਾਲ 2008 ’ਚ ਵੀ ਹੋਈ ਸੀ ਤੇ ਆਪਰੇਸ਼ਨ ਕਰ ਕੇ ਹਟਾ ਦਿੱਤੀ ਗਈ ਸੀ। ਰਾਸ਼ਟਰਪਤੀ ਦੇ ਡਾਕਟਰ ਕੇਵਿਨ ਸੀ ਓਕੋਨੋਰ ਨੇ ਵ੍ਹਾਈਟ ਹਾਊੁਸ ਵੱਲੋਂ ਜਾਰੀ ਇਕ ਮੀਮੋ ’ਚ ਦੱਸਿਆ ਕਿ ਭਵਿੱਖ ’ਚ ਇਸ ਬਿਮਾਰੀ ਦੀ ਲਗਾਤਾਰ ਨਿਗਰਾਨੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹਰ ਸੱਤ ਤੋਂ 10 ਸਾਲ ’ਚ ਇਕ ਕੋਲੋਨਸਕੋਪੀ ਕਰਨ ਦੀ ਲੋੜ ਹੁੰਦੀ ਹੈ। ਪਿਛਲੇ ਹੀ ਹਫ਼ਤੇ ਬਾਇਡਨ 79 ਵਰਿ੍ਹਆਂ ਦੇ ਹੋਏ ਹਨ ਜੋ ਅਮਰੀਕਾ ਦੇ ਹੁਣ ਤਕ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਵੀ ਹਨ। ਡਾਕਟਰ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਬਾਇਡਨ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਹੁਣ ਪੂਰੀ ਤਰ੍ਹਾਂ ਫਿੱਟ ਹਨ।

ਮਾਇਓ ਕਲੀਨਿਕ ਨੇ ਦੱਸਿਆ ਕਿ ਕੋਲੋਨ ਪੋਲੀ ’ਚ ਪੇਟ ਦੇ ਅੰਦਰ ਕੋਸ਼ਿਕਾਵਾਂ ਦੀ ਇਕ ਛੋਟੀ ਗੰਢ ਬਣ ਜਾਂਦੀ ਹੈ ਜੋ ਜ਼ਿਆਦਾਤਰ ਘਾਤਕ ਨਹੀਂ ਹੁੰਦੀ। ਪਰ ਕੁਝ ਇਕ ਮਾਮਲਿਆਂ ’ਚ ਅੱਗੇ ਜਾ ਕੇ ਇਹ ਕੈਂਸਰ ਦਾ ਰੂਪ ਵੀ ਲੈ ਲੈਂਦੀ ਹੈ। ਕਲੀਨਿਕ ਦੀ ਸਲਾਹ ਹੈ ਕਿ ਪੇਟ ਦੇ ਕੈਂਸਰ ਤੋਂ ਬਚਾਅ ਦਾ ਸਭ ਤੋਂ ਸਰਲ ਤਰੀਕਾ ਇਹ ਹੈ ਕਿ ਸਮੇਂ-ਸਮੇਂ ’ਤੇ ਇਸ ਦੀ ਸਕ੍ਰੀਨਿੰਗ ਕਰਵਾਓ ਤੇ ਕੋਈ ਗੰਢ ਹੋਵੇ ਤਾਂ ਉਸ ਨੂੰ ਕਢਵਾ ਦਿਓ।

Posted By: Sunil Thapa