ਨਿਊਯਾਰਕ (ਪੀਟੀਆਈ) : ਅਮਰੀਕਾ 'ਚ ਓਪਾਇਡ (ਨਸ਼ੀਲੀ ਦਰਦ ਰੋਕੂ) ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਹ ਭਾਰਤ ਤੋਂ ਕਰੋੜਾਂ ਡਾਲਰ ਦੀਆਂ ਬਿਨਾਂ ਬ੍ਰਾਂਡ ਵਾਲੀਆਂ ਦਵਾਈਆਂ ਮੰਗਵਾ ਕੇ ਅਮਰੀਕਾ 'ਚ ਵੇਚਦੇ ਸਨ। ਇਨ੍ਹਾਂ ਓਪਾਇਡ ਦਵਾਈਆਂ ਨੂੰ ਅਮਰੀਕੀ ਡਾਕ ਜਾਂ ਕੋਰੀਅਰ ਰਾਹੀਂ ਗਾਹਕਾਂ ਨੂੰ ਭੇਜਿਆ ਸੀ।

ਅਮਰੀਕੀ ਨਿਆਂ ਵਿਭਾਗ ਮੁਤਾਬਕ, ਅੱਠੇ ਮੁਲਜ਼ਮ ਏਜਿਲ ਸੇਜਿਆਨ (46), ਮੁਕੁਲ ਚੁਗ (24), ਗੁਲਾਬ (45), ਦੀਪਕ ਮਨਚੰਦਾ (43), ਪਾਰਥੀਬਨ ਨਾਰਾਇਣਸਾਮੀ (58), ਬਲਜੀਤ ਸਿੰਘ (29), ਹਰਪ੍ਰਰੀਤ ਸਿੰਘ (28) ਤੇ ਵਿਕਾਸ ਐੱਮ ਵਰਮਾ (45) ਨੂੰ ਵੀਰਵਾਰ ਨੂੰ ਗਿ੍ਫ਼ਤਾਰ ਕੀਤਾ ਗਿਆ। ਉਹ ਨਿਊਯਾਰਕ ਸ਼ਹਿਰ ਦੇ ਕਵੀਂਸ ਇਲਾਕੇ 'ਚ ਸਥਿਤ ਇਕ ਗੋਦਾਮ ਤੋਂ ਆਪਣੇ ਧੰਦੇ ਨੂੰ ਅੰਜਾਮ ਦਿੰਦੇ ਸਨ। ਇਹ ਗਿ੍ਫ਼ਤਾਰੀ ਅਜਿਹੇ ਸਮੇਂ 'ਤੇ ਹੋਈ ਹੈ ਜਦੋਂ ਟਰੰਪ ਪ੍ਰਸ਼ਾਸਨ ਨੇ ਓਪਾਇਡ ਸੰਕਟ ਨਾਲ ਨਜਿੱਠਣ ਲਈ ਅਮਰੀਕੀ ਸੂਬਿਆਂ ਨੂੰ ਦੋ ਅਰਬ ਡਾਲਰ (ਕਰੀਬ 14 ਹਜ਼ਾਰ ਕਰੋੜ ਰੁਪਏ) ਦਿੱਤੇ ਹਨ। ਅਮਰੀਕੀ ਏਜੰਸੀਆਂ ਪਿਛਲੇ ਸਾਲ ਜਨਵਰੀ ਤੋਂ ਹੀ ਭਾਰਤ ਤੋਂ ਅਮਰੀਕਾ 'ਚ ਵੱਡੇ ਪੱਧਰ 'ਤੇ ਸਿੰਥੈਟਿਕ ਓਪਾਇਡ ਟ੍ਰਾਮਾਡੋਲ ਸਮੇਤ ਬਿਨਾਂ ਬ੍ਰਾਂਡ ਵਾਲੀਆਂ ਹੋਰਨਾਂ ਦਵਾਈਆਂ ਦੀ ਦਰਾਮਦ ਦੀ ਜਾਂਚ ਕਰ ਰਹੀਆਂ ਸਨ।

25 ਸਾਲ ਤਕ ਹੋ ਸਕਦੀ ਹੈ ਸਜ਼ਾ

ਦੋਸ਼ੀ ਪਾਏ ਜਾਣ 'ਤੇ ਏਜਿਲ ਸੇਜਿਆਨ ਨੂੰ 25 ਸਾਲ ਤਕ ਦੀ ਜੇਲ੍ਹ ਹੋ ਸਕਦੀ ਹੈ। ਜਦਕਿ ਬਾਕੀ ਦੋਸ਼ੀਆਂ ਨੂੰ ਪੰਜ ਸਾਲ ਤਕ ਜੇਲ੍ਹ ਹੋ ਸਕਦੀ ਹੈ। ਏਜਿਲ 'ਤੇ ਮਨੀ ਲਾਂਡਰਿੰਗ ਦਾ ਵੀ ਦੋਸ਼ ਹੈ।

ਗਾਹਕਾਂ ਦਾ ਰੱਖਿਆ ਪੂਰਾ ਹਿਸਾਬ-ਕਿਤਾਬ

ਦੋਸ਼ੀ ਆਪਣੇ ਗਾਹਕਾਂ ਦਾ ਰੋਜ਼ਾਨਾ ਦਾ ਹਿਸਾਬ-ਕਿਤਾਬ ਰੱਖਦੇ ਸਨ। ਗਾਹਕਾਂ ਦੇ ਨਾਂ ਨਾਲ ਉਨ੍ਹਾਂ ਨੂੰ ਭੇਜੀਆਂ ਗਈਆਂ ਗੋਲ਼ੀਆਂ ਦੀ ਮਾਤਰਾ ਤੇ ਮੁੱਲ ਵੀ ਲਿਖਿਆ ਜਾਂਦਾ ਸੀ।

ਕੀ ਹੈ ਓਪਾਇਡ

ਅਫੀਮ ਤੋਂ ਬਣਨ ਵਾਲੀਆਂ ਦਰਦ ਰੋਕੂ ਦਵਾਈਆਂ ਨੂੰ ਓਪਾਇਡ ਕਿਹਾ ਜਾਂਦਾ ਹੈ, ਪਰ ਕੁਝ ਲੋਕ ਇਸ ਦੀ ਨਸ਼ੇ ਲਈ ਵਰਤੋਂ ਕਰਦੇ ਹਨ। ਅਮਰੀਕਾ ਦੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪਿ੍ਰਵੈਂਸ਼ਨ ਏਜੰਸੀ ਮੁਤਾਬਕ, ਦੇਸ਼ 'ਚ ਓਪਾਇਡ ਕਾਰਨ ਸਾਲ 1999 ਤੋਂ 2017 ਦੌਰਾਨ ਕਰੀਬ ਚਾਰ ਲੱਖ ਲੋਕਾਂ ਦੀ ਮੌਤ ਹੋਈ।