ਦ ਨਿਊਯਾਰਕ ਟਾਈਮਜ਼, ਵਾਸ਼ਿੰਗਟਨ : ਅਮਰੀਕਾ ਦੇ ਮਾਣਮੱਤੇ ਸਪੈਲਿੰਗ ਬੀ ਮੁਕਾਬਲੇ ਵਿਚ ਇਸ ਸਾਲ ਵੀ ਭਾਰਤੀਆਂ ਦਾ ਦਬਦਬਾ ਕਾਇਮ ਰਿਹਾ। ਇਸ ਵਾਰ ਸੱਤ ਭਾਰਤਵੰਸ਼ੀਆਂ ਸਮੇਤ ਕੁਲ ਅੱਠ ਵਿਦਿਆਰਥੀਆਂ ਨੂੰ ਸਾਂਝੇ ਤੌਰ 'ਤੇ ਸਪੈਲਿੰਗ ਬੀ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ ਹੈ। ਮੁਕਾਬਲੇ ਦੇ 94 ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਅੱਠ ਵਿਦਿਆਰਥੀਆਂ ਨੇ ਇਕੱਠਿਆਂ ਜੇਤੂ ਟਰਾਫੀ ਚੁੱਕੀ। ਵੀਰਵਾਰ ਰਾਤ 20 ਰਾਊਂਡ ਦੇ ਬਾਅਦ ਵੀ ਜਦੋਂ ਕੋਈ ਜੇਤੂ ਨਹੀਂ ਮਿਲਿਆ ਤਾਂ ਆਯੋਜਕਾਂ ਨੇ ਮੁਕਾਬਲੇ ਵਿਚ ਬਚੀਆਂ ਦੋ ਵਿਦਿਆਰਥਣਾਂ ਸਮੇਤ ਸਾਰੇ ਅੱਠ ਬੱਚਿਆਂ ਨੂੰ ਜੇਤੂ ਐਲਾਨ ਦਿੱਤਾ।

ਜਿੱਤਣ ਵਾਲਿਆਂ 'ਚ ਭਾਰਤਵੰਸ਼ੀ ਸ਼ਿਸ਼ਿਕ ਘੰਸਾਰੀ, ਸਾਕੇਤ ਸੁੰਦਰ, ਸ਼ਰੁਤਿਕਾ ਪਾਧੀ, ਸੋਹਮ ਸੁਖੰਤਕਰ, ਅਭਿਜੈ ਕੋਡਾਲੀ, ਕ੍ਰਿਸਟੋਫਰ ਸੇਰਾਓ ਅਤੇ ਰੋਹਨ ਰਾਜਾ ਦੇ ਨਾਲ ਅਲਬਾਮਾ ਦੀ ਰਹਿਣ ਵਾਲੀ ਏਰਿਨ ਹਾਵਰਡ ਸ਼ਾਮਲ ਹੈ। ਆਖਰੀ ਰਾਊਂਡ ਵਿਚ ਉਨ੍ਹਾਂ ਨੂੰ ਪੈਰੇਂਥੇਸਿਸ ਸ਼ਬਦ ਦੇ ਸਹੀ ਸਪੈਲਿੰਗ ਦੱਸਣੇ ਸੀ। ਜਿੱਤ ਪਿੱਛੋਂ ਵਿਦਿਆਰਥੀਆਂ ਨੇ ਖ਼ੁਦ ਨੂੰ 'ਆਕਟਾਚੈਂਪਸ' ਟਾਈਟਲ ਦਿੱਤਾ। ਹਰ ਜੇਤੂ ਨੂੰ ਟਰਾਫੀ ਦੇ ਨਾਲ 50 ਹਜ਼ਾਰ ਡਾਲਰ (ਕਰੀਬ 35 ਲੱਖ ਰੁਪਏ) ਦਾ ਨਕਦ ਇਨਾਮ ਮਿਲੇਗਾ। ਹਰ ਸਾਲ ਹੋਣ ਵਾਲੇ ਇਸ ਮੁਕਾਬਲੇ ਵਿਚ ਅੱਠਵੀ ਕਲਾਸ ਤਕ ਦੇ ਬੱਚੇ ਹਿੱਸਾ ਲੈਂਦੇ ਹਨ। ਇਸ ਸਾਲ ਅੰਤਿਮ ਮੁਕਾਬਲੇ ਲਈ 562 ਬੱਚੇ ਚੁਣੇ ਗਏ ਸਨ।

ਸ਼ਬਦ ਖ਼ਤਮ ਹੋਣ 'ਤੇ ਆਯੋਜਕਾਂ ਨੇ ਖੜ੍ਹੇ ਕੀਤੇ ਹੱਥ

17 ਰਾਊਂਡ ਦੇ ਬਾਅਦ ਹੀ ਆਯੋਜਕਾਂ ਨੇ ਆਪਣੇ ਹੱਥ ਖੜ੍ਹੇ ਕਰ ਦਿੱਤੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਵਿਦਿਆਰਥੀਆਂ ਨੂੰ ਚੁਣੌਤੀ ਦੇਣ ਲਈ ਸ਼ਬਦ ਹੀ ਨਹੀਂ ਬਚੇ ਹਨ। ਆਖਰੀ ਤਿੰਨ ਰਾਊਂਡ ਦੇ ਵਿਦਿਆਰਥੀਆਂ ਨੂੰ ਤਿੰਨ ਸ਼ਬਦ ਦਿੱਤੇ ਗਏ ਸਨ ਜਿਨ੍ਹਾਂ ਦੇ ਉਨ੍ਹਾਂ ਨੇ ਸਹੀ ਸਪੈਲਿੰਗ ਦੱਸਣੇ ਸੀ। ਮੁਕਾਬਲਾ ਖ਼ਤਮ ਹੋਣ 'ਤੇ ਪ੍ਰੋਨਾਊਂਸਰ (ਸ਼ਬਦ ਦਾ ਉਚਾਰਣ ਕਰਨ ਵਾਲਾ) ਜੈਕਸ ਬੇਲੀ ਨੇ ਕਿਹਾ ਕਿ ਅੱਜ ਤੁਸੀਂ (ਚੈਂਪੀਅਨ) ਡਿਕਸ਼ਨਰੀ ਨੂੰ ਦੱਸ ਦਿੱਤਾ ਹੈ ਕਿ ਅਸਲੀ ਬੌਸ ਕੌਣ ਹੈ।

2017 'ਚ ਹੋਏ ਸਨ 36 ਰਾਊਂਡ

2017 'ਚ ਦੋ ਵਿਦਿਆਰਥੀਆਂ ਵਿਚਕਾਰ ਟਾਈ ਹੋ ਜਾਣ 'ਤੇ ਇਸ ਮੁਕਾਬਲੇ ਦੇ 36 ਰਾਊਂਡ ਕਰਵਾਏ ਗਏ ਸਨ। 36ਵਾਂ ਰਾਊਂਡ ਖ਼ਤਮ ਹੋਣ ਦੇ ਬਾਅਦ ਅਖੀਰ 'ਚ ਭਾਰਤਵੰਸ਼ੀ ਅਨੰਨਿਆ ਵਿਨੈ ਜੇਤੂ ਬਣੀ ਸੀ।

10 ਸਾਲ ਤਕ ਭਾਰਤੀਆਂ ਦਾ ਰਿਹਾ ਕਬਜ਼ਾ

1985 ਵਿਚ ਬਾਲੂ ਨਟਰਾਜਨ ਇਸ ਮੁਕਾਬਲੇ ਨੂੰ ਜਿੱਤਣ ਵਾਲੇ ਪਹਿਲੇ ਭਾਰਤਵੰਸ਼ੀ ਬਣੇ ਸਨ। ਉਸ ਪਿੱਛੋਂ ਹੁਣ ਤਕ 19 ਭਾਰਤਵੰਸ਼ੀ ਸਪੈਲਿੰਗ ਬੀ ਚੈਂਪੀਅਨ ਬਣ ਚੁੱਕੇ ਹਨ। 2008 ਤੋਂ 2018 ਤਕ ਲਗਾਤਾਰ ਹਰ ਸਾਲ ਕੇਵਲ ਭਾਰਤੀਆਂ ਨੇ ਹੀ ਇਸ ਮੁਕਾਬਲੇ ਦੀ ਟਰਾਫੀ 'ਤੇ ਕਬਜ਼ਾ ਜਮਾਇਆ।