ਵਾਸ਼ਿੰਗਟਨ (ਆਈਏਐੱਨਐੱਸ) : ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਦੀ ਸੰਸਦ (ਕੈਪੀਟਲ ਹਿਲ) 'ਚ ਹਿੰਸਕ ਪ੍ਰਦਰਸ਼ਨ ਦੇ ਮਾਮਲੇ ਵਿਚ ਖ਼ੁਫ਼ੀਆ ਏਜੰਸੀ ਐੱਫਬੀਆਈ ਵਿਦੇਸ਼ੀ ਹੱਥ ਲੱਭ ਰਹੀ ਹੈ। ਐੱਫਬੀਆਈ ਨੂੰ ਸ਼ੰਕਾ ਹੈ ਕਿ ਹਿੰਸਾ ਵਿਚ ਵਿਦੇਸ਼ੀ ਸੰਗਠਨ ਜਾਂ ਕਿਸੇ ਸਰਕਾਰ ਦਾ ਵੀ ਹੱਥ ਹੋ ਸਕਦਾ ਹੈ।

ਮੌਜੂਦਾ ਅਤੇ ਇਕ ਸੇਵਾਮੁਕਤ ਹੋ ਰਹੇ ਅਧਿਕਾਰੀ ਦੇ ਹਵਾਲੇ ਨਾਲ ਮੀਡੀਆ ਵਿਚ ਖ਼ਬਰ ਆਈ ਹੈ ਕਿ ਕੈਪੀਟਲ ਹਿਲ 'ਤੇ ਦੰਗਾ ਹੋਣ ਤੋਂ ਪਹਿਲੇ ਪੰਜ ਲੱਖ ਡਾਲਰ ਦਾ ਬਿਟਕੁਆਇਨ ਵਿਚ ਭੁਗਤਾਨ ਕੀਤਾ ਗਿਆ ਸੀ। ਇਸ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ। ਇਹ ਭੁਗਤਾਨ ਫਰਾਂਸ ਦੇ ਇਕ ਨਾਗਰਿਕ ਨੇ ਅਮਰੀਕਾ ਦੇ ਇਕ ਪ੍ਰਮੁੱਖ ਵਿਅਕਤੀ ਨੂੰ ਕੀਤਾ ਸੀ। ਇਸ ਤਰ੍ਹਾਂ ਦਾ ਭੁਗਤਾਨ ਦਸਤਾਵੇਜ਼ਾਂ ਨੂੰ ਦੇਖਣ ਤੋਂ ਪਤਾ ਲੱਗਾ ਹੈ। ਖ਼ੁਫ਼ੀਆ ਏਜੰਸੀਆਂ ਇਹ ਵੀ ਪਤਾ ਲਗਾਉਣ ਦਾ ਯਤਨ ਕਰ ਰਹੀਆਂ ਹਨ ਕਿ ਕਿਤੇ ਇਸ ਵਿਚ ਚੀਨ, ਰੂਸ ਅਤੇ ਈਰਾਨ ਦੇ ਸਰਗਰਮ ਤੱਤਾਂ ਦਾ ਤਾਂ ਹੱਥ ਨਹੀਂ ਹੈ। ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਭੁਗਤਾਨ ਕਰਨ ਵਾਲੇ ਵਿਅਕਤੀ ਨੇ 8 ਦਸੰਬਰ ਨੂੰ ਖ਼ੁਦਕੁਸ਼ੀ ਵੀ ਕਰ ਲਈ ਹੈ।

ਜਾਂਚ ਐੱਫਬੀਆਈ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ ਦੋਵੇਂ ਹੀ ਸਾਂਝੇ ਤੌਰ 'ਤੇ ਕਰ ਰਹੇ ਹਨ। ਪਿਛਲੇ ਹਫ਼ਤੇ ਹੀ ਕਾਰਜਕਾਰੀ ਅਟਾਰਨੀ ਜਨਰਲ ਮਾਈਕਲ ਸ਼ੇਰਵਿਨ ਨੇ ਕਿਹਾ ਸੀ ਕਿ 6 ਜਨਵਰੀ ਦੀ ਹਿੰਸਾ ਵਿਚ ਅੰਤਰਰਾਸ਼ਟਰੀ ਸੰਪਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਜੋਅ ਬਾਇਡਨ ਦੇ 30 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਨੂੰ ਸਹੁੰ ਚੁੱਕਣ ਨੂੰ ਲੈ ਕੇ ਐੱਫਬੀਆਈ ਨੇ 16 ਜਨਵਰੀ ਤੋਂ 20 ਜਨਵਰੀ ਤਕ ਸਾਰੇ 50 ਰਾਜਾਂ ਵਿਚ ਹਥਿਆਰਬੰਦ ਪ੍ਰਦਰਸ਼ਨ ਦੇ ਖ਼ਦਸ਼ੇ ਵਿਚ ਚਿਤਾਵਨੀ ਜਾਰੀ ਕੀਤੀ ਹੈ। ਵਾਸ਼ਿੰਗਟਨ ਦੇ ਕੈਪੀਟਲ ਹਿਲ ਵਿਚ 25 ਹਜ਼ਾਰ ਤੋਂ ਜ਼ਿਆਦਾ ਸੁਰੱਖਿਆ ਗਾਰਡਾਂ ਦੀ ਤਾਇਨਾਤੀ ਕੀਤੀ ਗਈ ਹੈ।