ਮਿਆਮੀ (ਏਐੱਫਪੀ) : ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਭੱਜ ਰਹੇ ਦੋ ਹਥਿਆਰਬੰਦ ਲੁਟੇਰਿਆਂ ਨੂੰ ਪੁਲਿਸ ਨੇ ਢੇਰ ਕਰ ਦਿੱਤਾ। ਮਿਆਮੀ ਨੇੜੇ ਕੋਰਲ ਗੈਬਲਸ ਵਿਚ ਵੀਰਵਾਰ ਨੂੰ ਹੋਏ ਇਸ ਮੁਕਾਬਲੇ ਵਿਚ ਸੁਨਿਆਰੇ ਦੇ ਸ਼ੋਅਰੂਮ ਵਿਚ ਲੁੱਟਮਾਰ ਕਰ ਕੇ ਭੱਜ ਰਹੇ ਅਪਰਾਧੀਆਂ ਦੇ ਇਲਾਵਾ ਦੋ ਹੋਰ ਲੋਕਾਂ ਦੀ ਵੀ ਮੌਤ ਹੋ ਗਈ। ਇਨ੍ਹਾਂ ਵਿਚ ਇਕ ਟਰੱਕ ਡਰਾਈਵਰ ਸੀ ਜਿਸ ਨੂੰ ਬਦਮਾਸ਼ਾਂ ਨੇ ਭੱਜਣ ਲਈ ਅਗਵਾ ਕਰ ਲਿਆ ਸੀ ਜਦਕਿ ਦੂਜਾ ਵਿਅਕਤੀ ਮੁਕਾਬਲੇ ਦੀ ਥਾਂ ਤੋਂ ਲੰਘ ਰਿਹਾ ਇਕ ਰਾਹਗੀਰ ਸੀ। ਵਾਰਦਾਤ ਵਿਚ ਦੋ ਲੋਕ ਜ਼ਖ਼ਮੀ ਵੀ ਹੋਏ ਹਨ।

ਫਲੋਰੀਡਾ ਦੇ ਅਧਿਕਾਰੀਆਂ ਮੁਤਾਬਿਕ ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਬਦਮਾਸ਼ਾਂ ਦਾ ਪਿੱਛਾ ਕੀਤਾ। ਪੁਲਿਸ ਨੂੰ ਵੇਖ ਕੇ ਲੁਟੇਰਿਆਂ ਨੇ ਡਰਾਈਵਰ ਸਮੇਤ ਇਕ ਟਰੱਕ ਨੂੰ ਹਾਈਜੈਕ ਕਰ ਲਿਆ ਅਤੇ ਤੇਜ਼ੀ ਨਾਲ ਭੱਜਣ ਲੱਗੇ ਪ੍ਰੰਤੂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ ਅਤੇ 25 ਮੀਲ ਦੂਰ ਮਿਰਾਮਰ ਦੇ ਇਕ ਭੀੜ-ਭੜੱਕੇ ਵਾਲੇ ਚੌਕ ਵਿਚ ਉਨ੍ਹਾਂ ਨੂੰ ਘੇਰ ਲਿਆ। ਲੁਟੇਰਿਆਂ ਅਤੇ ਪੁਲਿਸ ਵਿਚਕਾਰ ਹੋਈ ਗੋਲ਼ੀਬਾਰੀ ਨੂੰ ਮੀਡੀਆ ਚੈਨਲਾਂ ਨੇ ਲਾਈਵ ਦਿਖਾਇਆ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫਬੀਆਈ ਮਾਮਲੇ ਦੀ ਜਾਂਚ ਕਰ ਰਹੀ ਹੈ।