ਵਾਸ਼ਿੰਗਟਨ (ਏਪੀ) : ਅਮਰੀਕੀ ਸੰਸਦ ਦੇ ਮੈਂਬਰਾਂ ਨੇ ਚਾਰ ਵੱਡੀਆਂ ਟੈੱਕ ਕੰਪਨੀਆਂ ਗੂਗਲ, ਫੇਸਬੁੱਕ, ਐਮਾਜ਼ੋਨ ਤੇ ਐਪਲ ਨੂੰ ਜਾਂਚ 'ਚ ਸ਼ਾਮਲ ਹੋ ਕੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਹੈ। ਚਾਰਾਂ ਦਿੱਗਜ ਕੰਪਨੀਆਂ ਨੂੰ ਇਸ ਬਾਰੇ ਸੰਸਦ ਦੀ ਨਿਆਇਕ ਕਮੇਟੀ ਤੇ ਉਪ ਕਮੇਟੀ ਦੇ ਮੁਖੀਆਂ ਵੱਲੋਂ ਪੱਤਰ ਭੇਜ ਦਿਤੇ ਗਏ ਹਨ। ਸੰਸਦੀ ਕਮੇਟੀਆਂ ਕੰਪਨੀਆਂ ਦੇ ਕਾਰੋਬਾਰੀ ਮੁਕਾਬਲੇ ਤੇ ਉਪਭੋਗਤਾਵਾਂ ਪ੍ਰਤੀ ਉਨ੍ਹਾਂ ਦੇ ਰਵੱਈਏ ਬਾਰੇ 'ਚ ਜਾਣਕਾਰੀ ਚਾਹੁੰਦੀਆਂ ਹਨ।

ਮੰਨਿਆ ਜਾ ਰਿਹਾ ਹੈ ਕਿ ਮੁਕਾਬਲੇ 'ਚ ਅੱਗੇ ਨਿਕਲਣ ਲਈ ਗ਼ੈਰ ਕਾਨੂੰਨੀ ਤਰੀਕੇ ਅਪਣਾਉਣ ਤੇ ਨਿੱਜੀ ਡਾਟਾ ਵੇਚਣ ਜਾਂ ਲੀਕ ਕਰਨ ਦੇ ਮਾਮਲੇ 'ਚ ਇਹ ਜਾਂਚ ਕੀਤੀ ਜਾ ਰਹੀ ਹੈ। ਕਮੇਟੀਆਂ ਨੇ ਕੰਪਨੀਆਂ ਦੇ ਕੰਮਕਾਜ ਦੀ ਵਿਸਥਾਰਤ ਸੰਜਾਲ ਤੇ ਉੱਚ ਅਧਿਕਾਰੀਆਂ ਵਿਚਕਾਰ ਹੋਣ ਵਾਲੇ ਸੰਵਾਦ ਦੀ ਵੀ ਜਾਣਕਾਰੀ ਮੰਗੀ ਹੈ। ਅਮਰੀਕਾ ਦੇ ਨਿਆਂ ਵਿਭਾਗ ਤੇ ਸੰਘੀ ਵਪਾਰ ਕਮਿਸ਼ਨ ਕੰਪਨੀਆਂ ਵੱਲੋਂ ਮੁਕਾਬਲੇ ਦੌਰਾਨ ਅਪਣਾਏ ਜਾਣ ਵਾਲੇ ਤੌਰ ਤਰੀਕਿਆਂ ਬਾਰੇ ਜਾਂਚ ਕਰ ਰਹੀਆਂ ਹਨ। ਇਸਦੇ ਨਾਲ ਹੀ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਅਟਾਰਨੀ ਜਨਰਲਾਂ ਨੇ ਗੂਗਲ ਤੇ ਫੇਸਬੁੱਕ ਨਾਲ ਜੁੜੀ ਬੇਭਰੋਸਗੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੰਘੀ ਵਪਾਰ ਕਮਿਸ਼ਨ (ਐੱਫਟੀਸੀ) ਦੇ ਕਮਿਸ਼ਨਰ ਰੋਹਿਤ ਚੋਪੜਾ ਨੇ ਕਿਹਾ ਹੈ ਕਿ ਕੰਪਨੀਆਂ ਜੇਕਰ ਕਾਨੂੰਨ ਤੋੜਨ ਦੀਆਂ ਦੋਸ਼ੀ ਪਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਵੇਗੀ। ਚੋਪੜਾ ਖ਼ੁਦ ਡੈਮੋਕ੍ਰੇਟਿਕ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਐੱਫਟੀਸੀ ਨਿਆਂ ਵਿਭਾਗ ਤੇ ਅਟਾਰਨੀ ਜਨਰਲ ਨਾਲ ਮਿਲ ਕੇ ਕੰਮ ਕਰ ਰਹੀ ਹੈ। ਸ਼ੁੱਕਰਵਾਰ ਨੂੰ ਨਿੱਜੀ ਡਾਟਾ ਦੇ ਮਸਲੇ 'ਤੇ ਯੂਰਪੀ ਯੂਨੀਅਨ ਨੇ ਵੀ ਦਿੱਗਜ ਟੈੱਕ ਕੰਪਨੀਆਂ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੇ ਸੰਕੇਤ ਦਿੱਤੇ ਹਨ।