ਵਾਸ਼ਿੰਗਟਨ (ਏਜੰਸੀਆਂ) : ਅਮਰੀਕਾ 'ਚ ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਮਾਰ ਵੱਧਦੀ ਜਾ ਰਹੀ ਹੈ। ਦੇਸ਼ ਦੇ 50 ਸੂਬਿਆਂ ਵਿੱਚੋਂ 29 ਵਿਚ ਇਸ ਖ਼ਤਰਨਾਕ ਵਾਇਰਸ ਦਾ ਕਹਿਰ ਫਿਰ ਵੱਧ ਗਿਆ ਹੈ। ਇਨ੍ਹਾਂ ਥਾਵਾਂ 'ਤੇ ਰੋਜ਼ਾਨਾ ਰਿਕਾਰਡ ਗਿਣਤੀ ਵਿਚ ਨਵੇਂ ਮਾਮਲੇ ਮਿਲ ਰਹੇ ਹਨ। ਇਸ ਨਾਲ ਦੇਸ਼ ਦੇ ਕੁਲ ਮਾਮਲਿਆਂ 'ਚ ਤੇਜ਼ ਉਛਾਲ ਆ ਗਿਆ ਹੈ।

ਅਮਰੀਕਾ 'ਚ ਹੁਣ ਤਕ ਕੁਲ 88 ਲੱਖ ਤੋਂ ਵੱਧ ਕੋਰੋਨਾ ਦੇ ਮਰੀਜ਼ ਮਿਲੇ ਹਨ। ਇਨ੍ਹਾਂ ਵਿੱਚੋਂ ਕਰੀਬ ਦੋ ਲੱਖ 30 ਹਜ਼ਾਰ ਦੀ ਮੌਤ ਹੋਈ ਹੈ। ਖ਼ਬਰ ਏਜੰਸੀ ਰਾਇਟਰ ਦੇ ਡਾਟਾ ਅਨੁਸਾਰ ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 60 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲੇ ਸ਼ਨਿਚਰਵਾਰ ਨੂੰ 84 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲੇ ਸਨ। ਉਧਰ, ਮਿਸ਼ੀਗਨ, ਨਾਰਥ ਕੈਰੋਲਿਨਾ, ਪੈਨਸਿਲਵੇਨੀਆ, ਵਿਸਕਾਨਸਿਨ ਅਤੇ ਓਹਾਇਓ ਸਮੇਤ 29 ਸੂਬਿਆਂ ਵਿਚ ਇਸ ਮਹੀਨੇ ਕੋਰੋਨਾ ਇਨਫੈਕਸ਼ਨ ਵਿਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਮੱਧ ਪੱਛਮੀ ਸੂਬਿਆਂ ਵਿਚ ਵੀ ਕੋਰੋਨਾ ਦਾ ਕਹਿਰ ਵੱਧ ਗਿਆ ਹੈ। ਇਸ ਖੇਤਰ ਵਿਚ ਨਾਰਥ ਡਕੋਟਾ ਸਣੇ ਕਈ ਸੂਬਿਆਂ ਦੇ ਹਸਪਤਾਲ ਮਰੀਜ਼ਾਂ ਨਾਲ ਭਰ ਗਏ ਹਨ। ਕੋਰੋਨਾ ਇਨਫੈਕਸ਼ਨ ਵਧਣ 'ਤੇ ਟੈਕਸਾਸ ਸੂਬੇ ਦੇ ਕਈ ਇਲਾਕਿਆਂ ਵਿਚ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਨੂੰ ਕਿਹਾ ਗਿਆ ਹੈ। ਅਮਰੀਕਾ ਵਿਚ ਨਵੇਂ ਮਾਮਲਿਆਂ ਵਿਚ ਤੇਜ਼ ਉਛਾਲ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਦੇਸ਼ ਵਿਚ ਤਿੰਨ ਨਵੰਬਰ ਨੂੰ ਰਾਸ਼ਟਰਪਤੀ ਚੋਣ ਹੋਣੀ ਹੈ। ਇਸ ਚੋਣ ਵਿਚ ਕੋਰੋਨਾ ਮਹਾਮਾਰੀ ਵੱਡਾ ਮੁੱਦਾ ਬਣ ਗਿਆ ਹੈ।

ਈਰਾਨ 'ਚ ਮਹਾਮਾਰੀ ਦਾ ਕਹਿਰ ਪਹਿਲੇ ਤੋਂ ਵੀ ਜ਼ਿਆਦਾ

ਈਰਾਨ ਵਿਚ ਦੁਬਾਰਾ ਫੈਲੀ ਕੋਰੋਨਾ ਮਹਾਮਾਰੀ ਦਾ ਕਹਿਰ ਪਹਿਲੇ ਤੋਂ ਵੀ ਜ਼ਿਆਦਾ ਘਾਤਕ ਹੋ ਗਿਆ ਹੈ। ਮਹਾਮਾਰੀ ਕਾਰਨ ਇਸ ਦੇਸ਼ ਵਿਚ ਹਾਲਾਤ ਅਜਿਹੇ ਹੋ ਗਏ ਹਨ ਕਿ ਹਸਪਤਾਲਾਂ ਵਿਚ ਸਮਰੱਥਾ ਤੋਂ ਜ਼ਿਆਦਾ ਮਰੀਜ਼ ਹੋ ਗਏ ਹਨ। ਰੋਜ਼ਾਨਾ ਰਿਕਾਰਡ ਗਿਣਤੀ ਵਿਚ ਨਵੇਂ ਰੋਗੀ ਪਾਏ ਜਾ ਰਹੇ ਹਨ। ਇਸ ਪੱਛਮੀ ਏਸ਼ਿਆਈ ਦੇਸ਼ ਵਿਚ ਪੰਜ ਲੱਖ 70 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲੇ ਹਨ ਅਤੇ ਕਰੀਬ 33 ਹਜ਼ਾਰ ਦੀ ਮੌਤ ਹੋਈ ਹੈ।

ਚੀਨ 'ਚ ਵੱਧ ਰਹੇ ਬਿਨਾਂ ਲੱਛਣ ਵਾਲੇ ਮਰੀਜ਼

ਚੀਨ ਵਿਚ ਬਿਨਾਂ ਲੱਛਣ ਵਾਲੇ ਕੋਰੋਨਾ ਮਰੀਜ਼ ਤੇਜ਼ੀ ਨਾਲ ਵੱਧ ਰਹੇ ਹਨ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਐਤਵਾਰ ਨੂੰ 161 ਬਿਨਾਂ ਲੱਛਣ ਵਾਲੇ ਮਰੀਜ਼ ਮਿਲੇ ਹਨ। ਇਕ ਅਪ੍ਰਰੈਲ ਪਿੱਛੋਂ ਪਹਿਲੀ ਵਾਰ ਏਨੀ ਵੱਡੀ ਗਿਣਤੀ ਵਿਚ ਬਿਨਾਂ ਲੱਛਣ ਵਾਲੇ ਮਾਮਲੇ ਮਿਲੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸ਼ਿਨਜਿਆਂਗ ਸੂਬੇ ਵਿਚ ਮਿਲੇ ਹਨ।

ਸਪੇਨ 'ਚ ਐਮਰਜੈਂਸੀ ਦਾ ਐਲਾਨ

ਦੂਜੇ ਦੌਰ ਦੀ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆਏ ਸਪੇਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਪੈਡਰੋ ਸਾਂਚੇਜ ਨੇ ਐਤਵਾਰ ਨੂੰ ਐਮਰਜੈਂਸੀ ਦਾ ਐਲਾਨ ਕੀਤਾ। ਇਨਫੈਕਸ਼ਨ ਰੋਕਣ ਲਈ ਸਥਾਨਕ ਪੱਧਰ 'ਤੇ ਰਾਤ ਦੇ ਸਮੇਂ ਕਰਫਿਊ ਅਤੇ ਸੂਬਿਆਂ ਵਿਚਕਾਰ ਆਵਾਜਾਈ 'ਤੇ ਰੋਕ ਲਗਾਉਣ ਦਾ ਵੀ ਐਲਾਨ ਕੀਤਾ ਗਿਆ ਹੈ। ਪੈਡਰੋ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਾਲਾਤ ਕਾਫ਼ੀ ਗੰਭੀਰ ਹੋ ਗਏ ਹਨ। ਸਿਹਤ ਦੇ ਮੋਰਚੇ 'ਤੇ ਇਹ ਸਭ ਤੋਂ ਵੱਡਾ ਸੰਕਟ ਹੈ। ਇਸ ਯੂਰਪੀ ਦੇਸ਼ ਵਿਚ ਹੁਣ ਤਕ 11 ਲੱਖ ਤੋਂ ਜ਼ਿਆਦਾ ਮਾਮਲੇ ਮਿਲੇ ਹਨ ਅਤੇ 34 ਹਜ਼ਾਰ ਤੋਂ ਜ਼ਿਆਦਾ ਦੀ ਜਾਨ ਗਈ ਹੈ।

ਸਵਿਟਜ਼ਰਲੈਂਡ : ਇਨਫੈਕਸ਼ਨ ਰੋਕਣ ਲਈ ਬੁੱਧਵਾਰ ਨੂੰ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਇਸ ਦੌਰਾਨ ਦੇਸ਼ ਵਿਚ 17 ਹਜ਼ਾਰ 440 ਨਵੇਂ ਕੋਰੋਨਾ ਮਰੀਜ਼ ਮਿਲੇ ਹਨ।

ਪਾਕਿਸਤਾਨ : ਨਵੇਂ ਮਾਮਲੇ ਫਿਰ ਵੱਧਣੇ ਸ਼ੁਰੂ ਹੋ ਗਏ ਹਨ। ਹੁਣ ਤਕ ਤਿੰਨ ਲੱਖ 26 ਹਜ਼ਾਰ ਮਾਮਲੇ ਮਿਲੇ ਹਨ। ਸਰਗਰਮ ਮਾਮਲੇ 10 ਹਜ਼ਾਰ ਤੋਂ ਜ਼ਿਆਦਾ ਹੋ ਗਏ ਹਨ।

ਆਸਟ੍ਰੇਲੀਆ : ਮਹਾਮਾਰੀ ਦਾ ਕੇਂਦਰ ਰਹੇ ਵਿਕਟੋਰੀਆ ਸੂਬੇ ਵਿਚ ਪਿਛਲੇ ਚਾਰ ਮਹੀਨਿਆਂ ਪਿੱਛੋਂ ਸੋਮਵਾਰ ਨੂੰ ਪਹਿਲੀ ਵਾਰ ਕੋਰੋਨਾ ਦਾ ਕੋਈ ਨਵਾਂ ਮਾਮਲਾ ਨਹੀਂ ਮਿਲਿਆ।

ਮੈਕਸੀਕੋ : ਕੋਰੋਨਾ ਨਾਲ ਕਰੀਬ 89 ਹਜ਼ਾਰ ਪੀੜਤਾਂ ਦੀ ਮੌਤ ਹੋਈ ਹੈ। ਹਾਲਾਂਕਿ ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਤੋਂ ਕਿਤੇ ਜ਼ਿਆਦਾ ਕੋਰੋਨਾ ਮਰੀਜ਼ਾਂ ਦੀ ਜਾਨ ਗਈ ਹੈ।