ਵਾਸ਼ਿੰਗਟਨ (ਰਾਇਟਰ) : ਚੀਨ ਸਰਕਾਰ ਨੇ ਵਾਸ਼ਿੰਗਟਨ ਨੂੰ ਚਿਤਾਵਨੀ ਦਿੱਤੀ ਹੈ ਕਿ ਨਿਆਂ ਵਿਭਾਗ ਵੱਲੋਂ ਚੀਨੀ ਫ਼ੌਜ ਨਾਲ ਜੁੜੇ ਮਾਹਿਰਾਂ ਖ਼ਿਲਾਫ਼ ਮੁਕੱਦਮਾ ਚਲਾਉਣ ਦੇ ਜਵਾਬ ਵਿਚ ਉਹ ਆਪਣੇ ਇੱਥੇ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਹਿਰਾਸਤ 'ਚ ਲੈ ਸਕਦਾ ਹੈ। 'ਵਾਲ ਸਟ੍ਰੀਟ ਜਰਨਲ' ਨੇ ਮਾਮਲੇ ਦੇ ਜਾਣਕਾਰ ਲੋਕਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਚੀਨੀ ਅਧਿਕਾਰੀਆਂ ਨੇ ਅਮਰੀਕੀ ਸਰਕਾਰ ਨੂੰ ਕਈ ਚੈਨਲਾਂ ਰਾਹੀਂ ਇਹ ਚਿਤਾਵਨੀ ਦਿੱਤੀ ਹੈ।

ਅਖ਼ਬਾਰ ਨੇ ਲਿਖਿਆ, ਚੀਨ ਨੇ ਅਮਰੀਕਾ ਨੂੰ ਸੰਦੇਸ਼ ਭਿਜਵਾਇਆ ਹੈ ਕਿ ਉਸ ਨੂੰ ਅਮਰੀਕੀ ਅਦਾਲਤ ਵਿਚ ਚੀਨੀ ਮਾਹਿਰਾਂ 'ਤੇ ਮੁਕੱਦਮਾ ਚਲਾਉਣਾ ਬੰਦ ਕਰ ਦੇਣਾ ਚਾਹੀਦਾ ਹੈ। ਅਜਿਹਾ ਨਾ ਹੋਣ 'ਤੇ ਚੀਨ 'ਚ ਰਹਿ ਰਹੇ ਅਮਰੀਕੀਆਂ 'ਤੇ ਚੀਨੀ ਕਾਨੂੰਨ ਦੇ ਉਲੰਘਣ ਦਾ ਮਾਮਲਾ ਚਲਾਇਆ ਜਾਵੇਗਾ। ਵ੍ਹਾਈਟ ਹਾਊਸ ਨੇ ਇਹ ਮਾਮਲਾ ਵਿਦੇਸ਼ ਵਿਭਾਗ ਕੋਲ ਭੇਜ ਦਿੱਤਾ ਹੈ ਜਿਸ ਨੇ ਇਸ 'ਤੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਨਿਆਂ ਵਿਭਾਗ ਨੇ ਵੀ ਇਸ ਸਬੰਧ ਵਿਚ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ। ਵਾਸ਼ਿੰਗਟਨ ਸਥਿਤ ਚੀਨੀ ਦੂਤਘਰ ਨੇ ਵੀ ਇਸ ਮਾਮਲੇ ਵਿਚ ਪੁੱਛੇ ਜਾਣ 'ਤੇ ਕੋਈ ਟਿੱਪਣੀ ਨਹੀਂ ਕੀਤੀ।

ਜ਼ਿਕਰਯੋਗ ਹੈ ਕਿ ਅਮਰੀਕੀ ਵਿਦੇਸ਼ ਵਿਭਾਗ ਨੇ 14 ਸਤੰਬਰ ਨੂੰ ਐਡਵਾਈਜ਼ਰੀ ਜਾਰੀ ਕਰ ਕੇ ਅਮਰੀਕੀਆਂ ਨੂੰ ਚੀਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਸੀ। ਉਸ ਨੇ ਕਿਹਾ ਸੀ ਕਿ ਚੀਨ ਸਰਕਾਰ ਅਮਰੀਕਾ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਕੇ ਵਿਦੇਸ਼ੀ ਸਰਕਾਰਾਂ ਨਾਲ ਸੌਦੇਬਾਜ਼ੀ ਕਰਨਾ ਚਾਹੁੰਦੀ ਹੈ। ਡੋਨਾਲਡ ਟਰੰਪ ਪ੍ਰਸ਼ਾਸਨ ਚੀਨ ਤੇ ਅਮਰੀਕਾ ਦੀ ਤਕਨੀਕੀ, ਫ਼ੌਜੀ ਅਤੇ ਰਣਨੀਤਕ ਸੂਚਨਾਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਸਾਈਬਰ ਸਰਗਰਮੀਆਂ ਚਲਾਉਣ ਅਤੇ ਜਾਸੂਸੀ ਕਰਨ ਦਾ ਦੋਸ਼ ਲਗਾਉਂਦਾ ਰਿਹਾ ਹੈ।