ਵਾਸ਼ਿੰਗਟਨ : ਅਮਰੀਕਾ ਵਿਚ ਐੱਚ-1ਬੀ ਵੀਜ਼ਾ ਧੋਖਾਦੇਹੀ ਮਾਮਲੇ ਵਿਚ ਭਾਰਤੀ ਮੂਲ ਦੇ ਤਿੰਨ ਇਮੀਗ੍ਰੇਸ਼ਨ ਸਲਾਹਕਾਰਾਂ ਖ਼ਿਲਾਫ਼ ਧੋਖਾਦੇਹੀ ਦੇ ਦੋਸ਼ ਤੈਅ ਕੀਤੇ ਗਏ ਹਨ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਮੁਕਾਬਲੇ ਵਾਲੀਆਂ ਕੰਪਨੀਆਂ ਤੋਂ ਬੜ੍ਹਤ ਲੈਣ ਲਈ ਫਰਜ਼ੀ ਵੀਜ਼ਾ ਅਰਜ਼ੀਆਂ ਦਾਖ਼ਲ ਕੀਤੀਆਂ ਸਨ। ਐੱਚ-1ਬੀ ਵੀਜ਼ਾ ਭਾਰਤੀ ਪੇਸ਼ੇਵਰਾਂ ਵਿਚ ਹਰਮਨ ਪਿਆਰਾ ਹੈ। ਇਸ ਵੀਜ਼ੇ ਦੇ ਆਧਾਰ 'ਤੇ ਅਮਰੀਕਾ ਦੀਆਂ ਕੰਪਨੀਆਂ ਵਿਦੇਸ਼ੀ ਕਰਮਚਾਰੀਆਂ ਨੂੰ ਨੌਕਰੀ ਦਿੰਦੀਆਂ ਹਨ। ਇਹ ਅਸਥਾਈ ਵੀਜ਼ਾ ਹੈ।

ਅਮਰੀਕੀ ਕਾਨੂੰਨ ਵਿਭਾਗ ਅਨੁਸਾਰ ਇਕ ਸੰਘੀ ਜਿਊਰੀ ਨੇ ਕਿਸ਼ੋਰ ਦੱਤਪੁਰਮ (49), ਕੁਮਾਰ ਅਸ਼ਵਪਤੀ (49) ਅਤੇ ਸੰਤੋਸ਼ ਗਿਰੀ (42) ਖ਼ਿਲਾਫ਼ ਪਿਛਲੇ ਮਹੀਨੇ ਦੋਸ਼ ਤੈਅ ਕੀਤੇ। ਤਿੰਨਾਂ ਨੂੰ ਪਿਛਲੇ ਹਫ਼ਤੇ ਗਿ੍ਫ਼ਤਾਰ ਕੀਤਾ ਗਿਆ ਸੀ। ਬਾਅਦ ਵਿਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਅਦਾਲਤ ਵਿਚ ਦਾਖ਼ਲ ਅੱਠ ਸਫ਼ਿਆਂ ਦੀ ਚਾਰਜਸ਼ੀਟ ਅਨੁਸਾਰ ਦੱਤਪੁਰਮ, ਅਸ਼ਵਪਤੀ ਅਤੇ ਗਿਰੀ ਕੈਲੀਫੋਰਨੀਆ ਦੇ ਸੈਂਟਾ ਕਲਾਰਾ ਸ਼ਹਿਰ ਵਿਚ ਨੈਨੋਸੇਮੈਂਟਿਕਸ ਇੰਕ ਨਾਂ ਨਾਲ ਕੰਸਲਟਿੰਗ ਕੰਪਨੀ ਚਲਾਉਂਦੇ ਸਨ। ਇਹ ਕੰਪਨੀ ਉੱਚ ਸਿੱਖਿਆ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਦਿਵਾਉਣ ਦਾ ਕੰਮ ਕਰਦੀ ਸੀ। ਦੋਸ਼ੀ ਪਾਏ ਜਾਣ 'ਤੇ ਤਿੰਨਾਂ ਨੂੰ 10-10 ਸਾਲ ਦੀ ਜੇਲ੍ਹ ਅਤੇ ਢਾਈ ਲੱਖ ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।