ਵਾਸ਼ਿੰਗਟਨ (ਏਪੀ) : ਮਿਸ਼ੀਗਨ ਦੇ ਚੋਣ ਅਧਿਕਾਰੀਆਂ ਨੇ ਸੋਮਵਾਰ ਨੂੰ ਸੂਬੇ ਵਿਚ ਜੋਅ ਬਾਇਡਨ ਦੀ ਜਿੱਤ ਦਾ ਐਲਾਨ ਕਰ ਦਿੱਤਾ। ਬਾਇਡਨ ਨੂੰ 1,54,000 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਉਹ ਬਿਨਾਂ ਕਿਸੇ ਸਬੂਤ ਦੇ ਚੋਣ ਪ੍ਰਕਿਰਿਆ ਵਿਚ ਗੜਬੜੀ ਦਾ ਦੋਸ਼ ਲਗਾਉਂਦੇ ਰਹੇ ਹਨ। ਮਿਸ਼ੀਗਨ ਸੂਬੇ ਵਿਚ 16 ਇਲੈਕਟੋਰਲ ਕਾਲਜ ਵੋਟ ਹਨ।

ਬੋਰਡ ਆਫ ਸਟੇਟ ਕੈਨਵਰਸ ਨੇ ਤਿੰਨ-ਸਿਫ਼ਰ ਨਾਲ ਬਾਇਡਨ ਨੂੰ ਮਿਲੀ ਜਿੱਤ ਦੀ ਪੁਸ਼ਟੀ ਕੀਤੀ ਹੈ। ਇਸ ਬੋਰਡ ਵਿਚ ਦੋ ਰਿਪਬਲਿਕਨ ਅਤੇ ਦੋ ਡੈਮੋਕ੍ਰੇਟ ਹਨ। ਇਕ ਨੇ ਵੋਟਿੰਗ ਵਿਚ ਹਿੱਸਾ ਨਹੀਂ ਲਿਆ। ਟਰੰਪ ਦੇ ਸਹਿਯੋਗੀ ਅਤੇ ਚੋਣ ਵਿਚ ਹਾਰਨ ਵਾਲੇ ਸੈਨੇਟ ਦੇ ਉਮੀਦਵਾਰ ਜੋਹਨ ਜੇਮਜ਼ ਨੇ ਨਿਰਣਾਇਕ ਮੰਡਲ ਤੋਂ ਵੋਟਿੰਗ ਦੀ ਪ੍ਰਕਿਰਿਆ ਦੋ ਹਫ਼ਤੇ ਲਈ ਟਾਲਣ ਦੀ ਅਪੀਲ ਕੀਤੀ ਸੀ। ਉਧਰ, ਮਿਸ਼ੀਗਨ ਦੇ ਗਵਰਨਰ ਗ੍ਰੇਚੇਨ ਵਿ੍ਹਟਮਰ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਮਿਸ਼ੀਗਨ ਦੇ ਲੋਕਾਂ ਨੇ ਬਾਇਡਨ ਨੂੰ ਸਮਰਥਨ ਦੇ ਦਿੱਤਾ ਹੈ ਅਤੇ ਉਹ 20 ਜਨਵਰੀ ਨੂੰ ਸਾਡੇ ਅਗਲੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਜਾਰਜੀਆ, ਏਰੀਜ਼ੋਨਾ, ਵਿਸਕਾਨਸਿਨ ਅਤੇ ਪੈਨਸਿਲਵੇਨੀਆ ਦੇ ਮੁਕਾਬਲੇ ਬਾਇਡਨ ਨੇ ਇਸ ਸੂਬੇ ਵਿਚ ਟਰੰਪ 'ਤੇ 2.8 ਫ਼ੀਸਦੀ ਦੇ ਅੰਤਰ ਨਾਲ ਜਿੱਤ ਦਰਜ ਕੀਤੀ ਹੈ।