ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਆਪਣੀ ਕੈਬਨਿਟ ਬਣਾਉਣ ਵਿਚ ਲੱਗ ਗਏ ਹਨ। ਉਹ ਜਲਦੀ ਹੀ ਪਹਿਲੀਆਂ ਨਿਯੁਕਤੀਆਂ ਦਾ ਐਲਾਨ ਕਰਨਗੇ। ਇਹ ਦੱਸਿਆ ਜਾ ਰਿਹਾ ਹੈ ਕਿ ਉਹ ਵਿਦੇਸ਼ ਨੀਤੀ 'ਤੇ ਆਪਣੇ ਕਰੀਬੀ ਸਲਾਹਕਾਰ ਅਤੇ ਭਰੋਸੇਮੰਦ ਐਂਟੋਨੀ ਬਲਿੰਕੇਨ ਨੂੰ ਵਿਦੇਸ਼ ਮੰਤਰੀ ਬਣਾ ਸਕਦੇ ਹਨ। ਇਹ ਜ਼ਿੰਮੇਵਾਰੀ ਮਿਲਣ ਪਿੱਛੋਂ ਉਹ ਚੀਨ ਨਾਲ ਮੁਕਾਬਲੇ ਵਿਚ ਅਮਰੀਕੀ ਭਾਈਵਾਲੀ ਨੂੰ ਨਵੇਂ ਸਿਰੇ ਤੋਂ ਸੰਗਠਿਤ ਕਰਨ ਦਾ ਯਤਨ ਕਰਨਗੇ। ਬਲਿੰਕੇਨ ਕਰੀਬ 20 ਸਾਲਾਂ ਤੋਂ ਬਾਇਡਨ ਦੇ ਸਹਾਇਕ ਹਨ।

ਕੈਬਨਿਟ ਦੀ ਚੋਣ ਪ੍ਰਕਿਰਿਆ ਨਾਲ ਜੁੜੇ ਕਰੀਬੀ ਲੋਕਾਂ ਅਨੁਸਾਰ 58 ਸਾਲਾਂ ਦੇ ਬਲਿੰਕੇਨ ਨੂੰ ਵਿਦੇਸ਼ ਮੰਤਰੀ ਬਣਾਏ ਜਾਣ ਦੀ ਸੰਭਾਵਨਾ ਹੈ। ਉਹ ਓਬਾਮਾ ਪ੍ਰਸ਼ਾਸਨ ਵਿਚ ਉਪ ਵਿਦੇਸ਼ ਮੰਤਰੀ ਰਹਿ ਚੁੱਕੇ ਹਨ ਅਤੇ ਵਿਸ਼ਵ ਗੱਠਜੋੜਾਂ ਦੇ ਪੈਰੋਕਾਰ ਹਨ। ਉਨ੍ਹਾਂ ਕਲਿੰਟਨ ਪ੍ਰਸ਼ਾਸਨ ਦੌਰਾਨ ਵਿਦੇਸ਼ ਵਿਭਾਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਵਿਦੇਸ਼ੀ ਮਾਮਲਿਆਂ ਦਾ ਲੰਬਾ ਅਨੁਭਵ ਹੋਣ ਕਾਰਨ ਉਹ ਅਧਿਕਾਰੀਆਂ ਅਤੇ ਵਿਸ਼ਵ ਦੇ ਨੇਤਾਵਾਂ ਦਾ ਭਰੋਸਾ ਜਿੱਤਣ ਵਿਚ ਕਾਮਯਾਬ ਹੋਣਗੇ। ਇਕ ਕਰੀਬੀ ਨੇ ਦੱਸਿਆ ਕਿ ਬਲਿੰਕੇਨ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਬਾਇਡਨ ਦੀ ਪਹਿਲੀ ਪਸੰਦ ਹਨ। ਉਹ ਇਸ ਦਾ ਐਲਾਨ ਮੰਗਲਵਾਰ ਨੂੰ ਕਰ ਸਕਦੇ ਹਨ। ਬਲਿੰਕੇਨ ਇਸ ਗੱਲ ਦੀ ਰਾਇ ਰੱਖਦੇ ਹਨ ਕਿ ਅਮਰੀਕਾ ਨੂੰ ਆਪਣੇ ਸਹਿਯੋਗੀਆਂ ਨਾਲ ਸੰਪਰਕ ਵਧਾਉਣ ਦੇ ਨਾਲ ਹੀ ਸਰਗਰਮ ਤੌਰ 'ਤੇ ਦੁਨੀਆ ਦੀ ਅਗਵਾਈ ਕਰਨ ਦੀ ਭੂਮਿਕਾ ਵਿਚ ਰਹਿਣਾ ਚਾਹੀਦਾ ਹੈ।

ਐੱਨਐੱਸਏ ਬਣਾਏ ਜਾ ਸਕਦੇ ਹਨ ਜੈਕ

ਬਾਇਡਨ ਦੇ ਕਰੀਬੀ ਲੋਕਾਂ ਨੇ ਦੱਸਿਆ ਕਿ ਜੈਕ ਸੁਲੀਵਨ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਉਹ ਵੀ ਨਵੇਂ ਚੁਣੇ ਰਾਸ਼ਟਰਪਤੀ ਦੇ ਕਰੀਬੀ ਸਹਾਇਕ ਹਨ। ਟਰੰਪ ਪ੍ਰਸ਼ਾਸਨ ਦੌਰਾਨ ਬਾਇਡਨ ਜਦੋਂ ਉਪ ਰਾਸ਼ਟਰਪਤੀ ਸਨ ਤਦ ਸੁਲੀਵਨ ਸੁਰੱਖਿਆ ਮਾਮਲੇ 'ਤੇ ਉਨ੍ਹਾਂ ਦੇ ਸਲਾਹਕਾਰ ਸਨ। 43 ਸਾਲਾਂ ਦੇ ਸੁਲੀਵਨ ਰਣਨੀਤਕ ਮਾਮਲਿਆਂ 'ਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਵੀ ਸਲਾਹਕਾਰ ਰਹਿ ਚੁੱਕੇ ਹਨ। ਬਲਿੰਕੇਨ ਅਤੇ ਸੁਲੀਵਨ ਚੰਗੇ ਦੋਸਤ ਵੀ ਹਨ ਅਤੇ ਦੋਵੇਂ ਵਿਦੇਸ਼ੀ ਮਾਮਲਿਆਂ 'ਤੇ ਬਾਇਡਨ ਨੂੰ ਸਲਾਹ ਦਿੰਦੇ ਹਨ।

ਯੂਐੱਨ 'ਚ ਅਮਰੀਕੀ ਰਾਜਦੂਤ ਬਣ ਸਕਦੀ ਹੈ ਲਿੰਡਾ

ਬਾਇਡਨ, ਲਿੰਡਾ ਥਾਮਸ-ਗ੍ਰੀਨਲੈਂਡ ਨੂੰ ਸੰਯੁਕਤ ਰਾਸ਼ਟਰ (ਯੂਐੱਨ) ਵਿਚ ਅਮਰੀਕਾ ਦੀ ਰਾਜਦੂਤ ਨਾਮਜ਼ਦ ਕਰ ਸਕਦੇ ਹਨ। 35 ਸਾਲਾਂ ਦੀ ਲਿੰਡਾ ਨੂੰ ਡਿਪਲੋਮੈਟਿਕ ਅਹੁਦਿਆਂ 'ਤੇ ਕੰਮ ਕਰਨ ਦਾ ਚੰਗਾ ਅਨੁਭਵ ਹੈ। ਬਾਇਡਨ ਸੰਯੁਕਤ ਰਾਸ਼ਟਰ ਵਿਚ ਅਮਰੀਕੀ ਰਾਜਦੂਤ ਅਹੁਦੇ ਦਾ ਕੈਬਨਿਟ ਪੱਧਰ ਦਾ ਦਰਜਾ ਫਿਰ ਬਹਾਲ ਕਰਨਗੇ। ਰਾਸ਼ਟਰਪਤੀ ਡੋੋਨਾਲਡ ਟਰੰਪ ਨੇ ਇਸ ਅਹੁਦੇ ਦੇ ਦਰਜੇ ਨੂੰ ਘੱਟ ਕਰ ਦਿੱਤਾ ਸੀ।

ਭਾਰਤ ਦੇ ਪ੍ਰਮੁੱਖ ਸਮਰਥਕ ਹਨ ਬਲਿੰਕੇਨ

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਬਲਿੰਕੇਨ ਭਾਰਤ ਦੇ ਪ੍ਰਮੁੱਖ ਸਮਰਥਕ ਹਨ। ਉਨ੍ਹਾਂ ਨੇ 15 ਅਗਸਤ ਨੂੰ ਇਕ ਵਰਚੁਅਲ ਪ੍ਰਰੋਗਰਾਮ ਦੌਰਾਨ ਕਿਹਾ ਸੀ ਕਿ ਬਾਇਡਨ ਲੰਬੇ ਸਮੇਂ ਤੋਂ ਭਾਰਤ ਨਾਲ ਮਜ਼ਬੂਤ ਸਬੰਧਾਂ ਦੇ ਪੱਖ ਵਿਚ ਹਨ। ਮੈਂ ਉਨ੍ਹਾਂ ਦਾ ਇਹ ਰੁਖ਼ ਉਸ ਸਮੇਂ ਤੋਂ ਦੇਖ ਰਿਹਾ ਹਾਂ ਜਦੋਂ ਮੈਂ ਸਾਲ 2002 ਵਿਚ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ।