ਵਾਸ਼ਿੰਗਟਨ (ਆਈਏਐੱਨਐੱਸ) : ਵਾਤਾਵਰਨ ਸਬੰਧੀ ਸੰਕਟਾਂ ਨਾਲ ਨਜਿੱਠਣ ਲਈ ਤਕਨੀਕ ਵਿਕਸਿਤ ਕਰਨ ਵਾਲੇ ਚਾਰ ਭਾਰਤੀ-ਅਮਰੀਕੀ ਵਿਦਿਆਰਥੀਆਂ ਨੂੰ ਉਥੇ ਸਨਮਾਨਿਤ ਕੀਤਾ ਗਿਆ ਹੈ। ਇਹ ਚਾਰੇ ਵਿਦਿਆਰਥੀ ਦੇਸ਼ ਦੇ ਸਭ ਤੋਂ ਪੁਰਾਣੇ ਅਤੇ ਮਾਣਮੱਤੇ ਸਾਇੰਸ ਅਤੇ ਗਣਿਤ ਮੁਕਾਬਲੇ 'ਰੀਜੈਨਰੇਸ਼ਨ ਸਾਇੰਸ ਟੈਲੇਂਟ ਸਰਚ' ਦੇ ਆਖਰੀ ਪੜਾਅ ਵਿਚ ਪੁੱਜ ਗਏ ਹਨ। ਕੈਂਟੁਕੀ ਦੀ ਅੰਜਲੀ ਚੱਢਾ (16), ਡੈਲਾਵੇਅਰ ਦੀ ਪ੍ਰੀਤੀ ਸਾਈਂ ਕ੍ਰਿਸ਼ਨਮਨੀ (17), ਨਾਰਦਰਨ ਕੈਰੋਲੀਨਾ ਦੀ ਨਵਾਮੀ ਜੈਨ (17) ਅਤੇ ਪੈਨਸਿਲਵੇਨੀਆ ਦੀ ਸਾਈਂ ਪ੍ਰੀਤੀ ਮਮੀਡਾਲਾ (17) ਨੂੰ 25 ਹਜ਼ਾਰ ਡਾਲਰ (ਕਰੀਬ 17 ਲੱਖ ਰੁਪਏ) ਦੀ ਇਨਾਮੀ ਰਾਸ਼ੀ ਵੀ ਦਿੱਤੀ ਗਈ ਹੈ।

ਚੱਢਾ ਨੂੰ ਖੂਹ ਦੇ ਪਾਣੀ ਵਿਚ ਆਰਸੈਨਿਕ ਦੀ ਪਛਾਣ ਕਰਨ ਵਾਲਾ ਸੈਂਸਰ ਵਿਕਸਿਤ ਕਰਨ ਲਈ ਐਵਾਰਡ ਦਿੱਤਾ ਗਿਆ। ਪੰਜ ਕਰੋੜ ਅਮਰੀਕੀ ਹੁਣ ਵੀ ਖੂਹ ਦੇ ਪਾਣੀ 'ਤੇ ਨਿਰਭਰ ਹਨ। ਪਾਣੀ ਵਿਚ ਮੌਜੂਦ ਹਾਨੀਕਾਰਕ ਆਰਸੈਨਿਕ ਨਾਲ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਕ੍ਰਿਸ਼ਨਮਨੀ ਨੇ ਝੋਨੇ ਦੇ ਪੌਦੇ ਨੂੰ ਆਰਸੈਨਿਕ ਤੋਂ ਬਚਾਉਣ ਲਈ ਤਕਨੀਕ ਵਿਕਸਿਤ ਕੀਤੀ ਹੈ। ਦੂਜੇ ਪਾਸੇ ਜੈਨ ਬਾਇਓ ਐਥੇਨਾਲ ਉਤਪਾਦਿਤ ਕਰਨ ਦੇ ਵੱਖ-ਵੱਖ ਤਰੀਕਿਆਂ 'ਤੇ ਕੰਮ ਕਰ ਰਹੀ ਹੈ। ਬਾਇਓ ਐਥੇਨਾਲ ਇਕ ਤਰ੍ਹਾਂ ਦਾ ਜੈਵਿਕ ਈਂਧਨ ਹੈ ਜਿਸ ਨਾਲ ਵਾਤਾਵਰਨ ਨੂੰ ਘੱਟ ਹਾਨੀ ਪੁੱਜਦੀ ਹੈ। ਗਾਰਨੇਟ ਵੈਲੀ ਹਾਈ ਸਕੂਲ ਦੀ ਇਹ ਵਿਦਿਆਰਥਣ ਨਵੀਨੀਕਰਨ ਊਰਜਾ ਨੂੰ ਵਧਾਉਣ 'ਚ ਸਹੂਲਤ ਦੇਣ ਲਈ ਖੋਜ ਕਰ ਰਹੀ ਹੈ।