ਲਾਸ ਏਂਜਲਸ (ਪੀਟੀਆਈ) : ਇਕ ਅਮਰੀਕੀ ਨੂੰ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਅਤੇ ਪਾਕਿਸਤਾਨੀ ਮੂਲ ਦੇ ਜੋੜੇ ਨੂੰ ਦੋ ਸ਼ਕਤੀਸ਼ਾਲੀ ਅਸਾਲਟ ਰਾਈਫਲਾਂ ਮੁਹੱਈਆ ਕਰਵਾਉਣ ਲਈ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਪਾਕਿਸਤਾਨੀ ਅਮਰੀਕੀ ਜੋੜੇ ਨੇ ਕੈਲੀਫੋਰਨੀਆ ਵਿਚ 2015 ਵਿਚ ਹਮਲਾ ਕੀਤਾ ਸੀ ਜਿਸ ਵਿਚ 14 ਲੋਕ ਮਾਰੇ ਗਏ ਸਨ।

28 ਵਰਿ੍ਹਆਂ ਦੇ ਐਨਰਿਕ ਮਾਕਰਵੀਜ਼ ਜੂਨੀਅਰ ਨੂੰ ਸ਼ੁੱਕਰਵਾਰ ਨੂੰ ਯੂਨਾਈਟਿਡ ਸਟੇਟ ਡਿਸਟਿ੍ਕ ਜੱਜ ਜੇਮਜ਼ ਬੇਰਨਾਲ ਨੇ ਅੱਤਵਾਦੀ ਹਮਲਾ ਮਾਮਲੇ ਵਿਚ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ। ਇਸ ਵੱਡੇ ਅੱਤਵਾਦੀ ਹਮਲੇ ਨਾਲ ਅਮਰੀਕਾ ਕੰਬ ਉੱਠਿਆ ਸੀ। ਪਾਕਿਸਤਾਨੀ ਅਮਰੀਕੀ ਜੋੜੇ ਸਈਦ ਰਿਜਵਾਨ ਫਾਰੂਕ ਅਤੇ ਤਾਸ਼ਫੀਨ ਮਲਿਕ ਨੇ 2 ਦਸੰਬਰ 2015 ਨੂੰ 14 ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ 22 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ ਸੀ।

ਮਾਕਰਵੀਜ਼ ਨੇ 2017 ਵਿਚ ਅੱਤਵਾਦੀਆਂ ਨੂੰ ਸਾਜ਼ੋ-ਸਾਮਾਨ ਅਤੇ ਸਾਧਨ ਮੁਹੱਈਆ ਕਰਵਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਕਬੂਲ ਕੀਤਾ ਸੀ। ਮਾਕਰਵੀਜ਼ ਨੇ ਸਵੀਕਾਰ ਕੀਤਾ ਕਿ ਉਸ ਨੇ ਫਾਰੂਕ ਨਾਲ 2011 ਅਤੇ 2012 ਵਿਚ ਰਿਵਰਸਾਈਡ ਸਿਟੀ ਕਾਲਜ ਅਤੇ ਇਕ ਹਾਈਵੇ 'ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਹਥਿਆਰ ਖ਼ਰੀਦਣ ਦੇ ਬਾਰੇ ਵਿਚ ਝੂਠੀ ਸੂਚਨਾ ਦੇਣ ਦਾ ਦੋਸ਼ ਵੀ ਕਬੂਲ ਕੀਤਾ ਸੀ।