ਵਾਸ਼ਿੰਗਟਨ (ਪੀਟੀਆਈ) : ਭਾਵੇਂ ਆਰਟੀ-ਪੀਸੀਆਰ ਦੀ ਤੁਲਨਾ ਵਿਚ ਐਂਟੀਜ਼ਨ ਟੈਸਟ ਘੱਟ ਪ੍ਰਮਾਣਿਕ ਹੋਣ ਪ੍ਰੰਤੂ ਰੈਪਿਡ ਟੈਸਟਿੰਗ ਵਿਚ ਤੇਜ਼ੀ ਲਿਆ ਕੇ ਕੋਰੋਨਾ ਮਹਾਮਾਰੀ ਨੂੰ ਕੁਝ ਹਫ਼ਤੇ ਵਿਚ ਹੀ ਖ਼ਤਮ ਕੀਤਾ ਜਾ ਸਕਦਾ ਹੈ। ਜਰਨਲ 'ਸਾਇੰਸ ਐਡਵਾਂਸਿਜ਼' ਵਿਚ ਪ੍ਰਕਾਸ਼ਿਤ ਖੋਜ ਵਿਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਰਣਨੀਤੀ ਅਪਣਾਉਣ ਨਾਲ ਰੈਸਤਰਾਂ, ਬਾਰ, ਰੀਟੇਲ ਸਟੋਰ ਅਤੇ ਸਕੂਲਾਂ ਨੂੰ ਬੰਦ ਕਰਨ ਦੀ ਵੀ ਲੋੜ ਨਹੀਂ ਪਵੇਗੀ।

ਅਮਰੀਕਾ ਦੀ ਕੋਲੋਰਾਡੋ ਯੂਨੀਵਰਸਿਟੀ ਦੇ ਵਿਗਿਆਨਕਾਂ ਸਮੇਤ ਹੋਰ ਖੋਜੀਆਂ ਮੁਤਾਬਕ ਵੱਖ-ਵੱਖ ਪ੍ਰਕਾਰ ਦੇ ਕੋਰੋਨਾ ਪ੍ਰਰੀਖਣਾਂ ਦੀ ਸੰਵੇਦਨਸ਼ੀਲਤਾ ਦਾ ਪੱਧਰ ਦੁਨੀਆ ਭਰ ਵਿਚ ਵਿਆਪਕ ਰੂਪ ਤੋਂ ਭਿੰਨ ਹੈ। ਐਂਟੀਜ਼ਨ ਟੈਸਟ ਨੇ ਖ਼ੂਨ ਵਿਚ ਸਬੰਧਿਤ ਐਂਟੀਬਾਡੀ ਮਿਲਣ ਨਾਲ ਵਿਅਕਤੀ ਦੇ ਕੋਰੋਨਾ ਪ੍ਰਭਾਵਿਤ ਹੋਣ ਦਾ ਸੰਕੇਤ ਮਿਲਦਾ ਹੈ ਜਦਕਿ ਆਰਟੀ-ਪੀਸੀਆਰ ਟੈਸਟ ਡੀਐੱਨਏ 'ਤੇ ਆਧਾਰਤ ਵਿਸ਼ਲੇਸ਼ਣ ਕਰ ਕੇ ਕੋਰੋਨਾ ਦੀ ਪੁਸ਼ਟੀ ਕਰਦਾ ਹੈ ਜਿਸ ਵਿਚ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਬੱਚਦੀ ਹੈ। ਇਸ ਨੂੰ ਅੰਤਿਮ ਅਤੇ ਪ੍ਰਮਾਣਿਕ ਮੰਨਿਆ ਜਾਂਦਾ ਹੈ।

ਆਰਟੀ-ਲੈਂਪ ਨਾਂ ਦਾ ਪ੍ਰਰੀਖਣ ਆਰਟੀ-ਪੀਸੀਆਰ ਦੀ ਤੁਲਨਾ ਵਿਚ 100 ਗੁਣਾ ਜ਼ਿਆਦਾ ਵਾਇਰਸ ਦਾ ਪਤਾ ਲਗਾ ਸਕਦਾ ਹੈ। ਖੋਜ ਦੇ ਪ੍ਰਮੁੱਖ ਲੇਖਕ ਅਤੇ ਕੋਲੋਰਾਡੋ ਯੂਨੀਵਰਸਿਟੀ ਨਾਲ ਸਬੰਧ ਰੱਖਣ ਵਾਲੇ ਡੇਨੀਅਲ ਲਾਰਮੋਰ ਨੇ ਕਿਹਾ ਕਿ ਜਦੋਂ ਜਨਤਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਤੁਰੰਤ ਮਿਲਣ ਵਾਲਾ ਫਲ ਪ੍ਰਮਾਣਿਕ ਟੈਸਟ ਇਕ ਦਿਨ ਬਾਅਦ ਮਿਲਣ ਵਾਲੇ ਜ਼ਿਆਦਾ ਪ੍ਰਮਾਣਿਕ ਟੈਸਟ ਤੋਂ ਜ਼ਿਆਦਾ ਚੰਗਾ ਹੈ। ਖੋਜ ਦੌਰਾਨ ਵਿਗਿਆਨੀਆਂ ਨੇ ਦੇਖਿਆ ਕਿ ਇਨਫੈਕਸ਼ਨ 'ਤੇ ਰੋਕ ਲਗਾਉਣ ਵਿਚ ਘੱਟ ਪ੍ਰਮਾਣਿਕ ਤੇਜ਼ ਟੈਸਟਿੰਗ ਜ਼ਿਆਦਾ ਮਹੱਤਵਪੂਰਣ ਹਨ।

ਅਮਰੀਕਾ ਸਥਿਤ ਹਾਰਵਰਡ ਟੀਐੱਚ ਚਾਨ ਸਕੂਲ ਆਫ ਪਬਲਿਕ ਹੈਲਥ ਨਾਲ ਸਬੰਧ ਰੱਖਣ ਵਾਲੇ ਮਾਈਕਲ ਮੀਨਾ ਨੇ ਕਿਹਾ ਕਿ ਰੈਪਿਡ ਟੈਸਟ ਕੋਰੋਨਾ ਦਾ ਪਤਾ ਲਗਾਉਣ ਵਿਚ ਅਤਿ-ਅਧਿਕ ਉਪਯੋਗ ਹਨ। ਉਨ੍ਹਾਂ ਕਿਹਾ ਕਿ ਕੁਝ ਰੈਪਿਡ ਟੈਸਟ 15 ਮਿੰਟਾਂ ਵਿਚ ਨਤੀਜੇ ਦੱਸਦੇ ਹਨ ਜਦਕਿ ਪੀਸੀਆਰ ਟੈਸਟ ਦੋ ਤੋਂ ਤਿੰਨ ਦਿਨ ਦਾ ਸਮਾਂ ਲੈਂਦਾ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਕੋਰੋਨਾ ਟੈਸਟਿੰਗ ਦੀ ਰਣਨੀਤੀ ਨੂੰ ਬਦਲਣ ਦਾ ਸਮਾਂ ਆ ਗਿਆ ਹੈ।