ਨਿਊਯਾਰਕ (ਏਜੰਸੀਆਂ) : ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ 'ਚ ਮਤਦਾਨ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ। 2020 ਦੀਆਂ ਚੋਣਾਂ 'ਚ ਹਾਲੇ ਨੌਂ ਦਿਨ ਬਾਕੀ ਹਨ ਤੇ ਚੋਣਾਂ ਤੋਂ ਪਹਿਲਾਂ ਮਤਦਾਨ ਦੀ ਵਿਵਸਥਾ 'ਚ ਹੁਣ ਤਕ ਪੌਣੇ ਛੇ ਕਰੋੜ ਵੋਟਾਂ ਪਾਈਆਂ ਜਾ ਚੁੱਕੀਆਂ ਹਨ। ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰੀ ਮਤਦਾਨ ਤੋਂ ਪਹਿਲਾਂ ਵੋਟਿੰਗ ਜ਼ਿਆਦਾ ਹੋਣ ਵਾਲੀ ਹੈ। ਚੋਣਾਂ ਦੇ ਨਤੀਜੇ ਆਉਣ 'ਚ ਵੀ ਦੇਰੀ ਹੋ ਸਕਦੀ ਹੈ। ਇਹ ਵੀ ਸੰਭਾਵਨਾ ਹੈ ਕਿ ਚੋਣਾਂ ਦੀ ਰਾਤ ਨੂੰ ਇਹ ਜਾਣਕਾਰੀ ਨਾ ਆ ਸਕੇ ਕਿ ਕੌਣ ਜਿੱਤਿਆ ਹੈ।

ਸੀਐੱਨਐੱਨ ਦੀ ਇਕ ਰਿਪੋਰਟ ਮੁਤਾਬਕ, ਅਮਰੀਕਾ ਦੇ 50 ਸੂਬਿਆਂ 'ਚ ਚੋਣ ਅਧਿਕਾਰੀਆਂ ਵੱਲੋਂ ਕੀਤੇ ਗਏ ਸਰਵੇ 'ਚ ਇਹ ਜਾਣਕਾਰੀ ਮਿਲੀ ਹੈ। ਰਿਪੋਰਟ ਦੇ ਮੁਤਾਬਕ 2016 ਦੀ ਚੋਣਾਂ ਤੋਂ ਪਹਿਲਾਂ ਪਾਈਆਂ ਗਈਆਂ ਵੋਟਾਂ ਦੇ ਮੁਕਾਬਲੇ ਇਸ ਵਾਰੀ ਜ਼ਿਆਦਾ ਵੋਟਾਂ ਪੈਣਗੀਆਂ। ਹਾਲੇ ਨੌਂ ਦਿਨ ਬਾਕੀ ਹਨ ਤੇ ਵੋਟਿੰਗ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੋ ਗਈ ਹੈ। ਪਿਛਲੀ ਵਾਰੀ 42 ਫ਼ੀਸਦੀ ਵੋਟਾਂ ਚੋਣਾਂ ਤੋਂ ਪਹਿਲਾਂ ਪਾਈਆਂ ਗਈਆਂ ਸਨ।

'ਅਮੇਰਿਕਨ ਡੇਲੀ' ਮੁਤਾਬਕ ਦੇਸ਼ 'ਚ ਸਾਢੇ 25.7 ਕਰੋੜ ਤੋਂ ਜ਼ਿਆਦਾ ਆਬਾਦੀ 18 ਸਾਲਾਂ ਤੋਂ ਉਪਰ ਦੀ ਹੈ। ਇਨ੍ਹਾਂ 'ਚੋਂ ਕਰੀਬ 24 ਕਰੋੜ ਵੋਟਰ ਹਨ।

ਸੀਐੱਨਐੱਨ ਦੀ ਰਿਪੋਰਟ ਮੁਤਾਬਕ ਪਾਈਆਂ ਗਈਆਂ ਪੌਣੇ ਛੇ ਕਰੋੜ ਵੋਟਾਂ 'ਚੋਂ 54 ਫ਼ੀਸਦੀ ਵੋਟਾਂ ਉਨ੍ਹਾਂ 16 ਸੂਬਿਆਂ 'ਚ ਪਾਈਆਂ ਗਈਆਂ ਹਨ ਜਿਹੜੇ ਸੂਬੇ ਇਸ ਸਾਲ ਚੋਣਾਂ 'ਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੇ ਹਨ। ਇਸ ਵਾਰੀ ਮਤਦਾਨ ਤੋਂ ਪਹਿਲਾਂ ਵੋਟਾਂ ਪਾਉਣ ਵਾਲਿਆਂ 'ਚ 18 ਤੋਂ 29 ਸਾਲ ਦੇ ਨੌਜਵਾਨਾਂ 'ਚ ਵੀ ਖਾਸਾ ਵਾਧਾ ਹੋਇਆ ਹੈ। ਇਨ੍ਹਾਂ ਦੀ ਗਿਣਤੀ ਇਸ ਵਾਰੀ ਪਿਛਲੀਆਂ ਚੋਣਾਂ ਤੋਂ ਜ਼ਿਆਦਾ ਹੈ। ਚੋਣਾਂ ਦੀ ਸਮੀਖਿਆ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜਿਨ੍ਹਾਂ ਸੂੁਬਿਆਂ 'ਚ ਚੋਣਾਂ ਤੋਂ ਪਹਿਲਾਂ ਮਤਦਾਨ ਵਧਿਆ ਹੈ, ਉਨ੍ਹਾਂ ਥਾਵਾਂ 'ਤੇ ਟਰੰਪ ਦੀ ਜਿੱਤ ਦਾ ਫ਼ਰਕ ਬਹੁਤ ਜ਼ਿਆਦਾ ਨਹੀਂ ਰਿਹਾ ਸੀ।

ਚੋਣਾਂ ਤੋਂ ਪਹਿਲਾਂ ਸਰਵੇ ਤੋਂ ਪਤਾ ਲੱਗਦਾ ਹੈ ਕਿ ਫਲੋਰੀਡਾ ਤੇ ਕੈਰੋਲੀਨਾ 'ਚ ਡੈਮੋਕ੍ਰੇਟ ਉਮੀਦਵਾਰ ਜੋ ਬਿਡੇਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਤੋਂ ਅੱਗੇ ਹਨ। ਟਰੰਪ 2016 'ਚ ਫਲੋਰੀਡਾ 'ਚ ਮੁਸ਼ਕਲ ਨਾਲ ਇਕ ਫ਼ੀਸਦੀ ਤੋਂ ਵੀ ਘੱਟ ਵੋਟਾਂ ਦੇ ਫ਼ਰਕ ਨਾਲ ਜਿੱਤੇ ਸਨ। ਇੱਥੇ ਟਰੰਪ ਨੂੰ 49.02 ਫ਼ੀਸਦੀ ਵੋਟਾਂ ਮਿਲੀਆਂ ਸਨ ਜਦਕਿ ਉਨ੍ਹਾਂ ਦੀ ਵਿਰੋਧੀ ਡੈਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ 47.82 ਫ਼ੀਸਦੀ ਵੋਟਾਂ ਮਿਲੀਆਂ ਸਨ।

ਇਸ ਵਾਰੀ ਮੁਕਾਬਲਾ ਸਖ਼ਤ ਹੈ। ਸਰਵੇ ਮੁਤਾਬਕ ਫਲੋਰੀਡਾ ਸੂਬੇ ਦੇ 37 ਫ਼ੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਮਤਦਾਨ 'ਚ ਆਪਣੀ ਵੋਟ ਪਾ ਚੁੱਕੇ ਹਨ। ਇਨ੍ਹਾਂ 'ਚੋਂ 71 ਫ਼ੀਸਦੀ ਵੋਟਰਾਂ ਨੇ ਕਿਹਾ ਕਿ ਉਨ੍ਹਾਂ ਨੇ ਜੋ ਬਿਡੇਨ ਨੂੰ ਹਮਾਇਤ ਦਿੱਤੀ ਹੈ। 27 ਫ਼ੀਸਦੀ ਟਰੰਪ ਦੇ ਨਾਲ ਦਿਖਾਈ ਦਿੱਤੇ। ਦੱਖਣੀ ਕੈਰੋਲੀਨਾ 'ਚ ਵੀ ਰਿਪਬਲਿਕਨ ਤੋਂ ਡੈਮੋਕ੍ਰੇਟ ਥੋੜ੍ਹਾ ਜਿਹਾ ਅੱਗੇ ਹਨ ਪਰ ਮੁਕਾਬਲਾ ਟੱਕਰ ਦਾ ਹੈ।

ਰਿਪੋਰਟ 'ਚ ਅਨੁਮਾਨ ਹੈ ਕਿ ਚੋਣਾਂ ਤੋਂ ਪਹਿਲਾਂ ਵੋਟਿੰਗ 'ਚ ਡੈਮੋਕ੍ਰੇਟ ਨੂੰ 40 ਤੇ ਰਿਬਲਿਕਨ ਨੂੰ 30 ਫ਼ੀਸਦੀ ਵੋਟਾਂ ਜਾ ਸਕਦੀਆਂ ਹਨ। ਪੈਨਸਿਲਵੇਨੀਆ 'ਚ 2016 'ਚ ਟਰੰਪ ਇਕ ਫ਼ੀਸਦੀ ਤੋਂ ਵੀ ਘੱਟ ਵੋਟਾਂ ਨਾਲ ਜਿੱਤੇ ਸਨ। ਇਸ ਵਾਰੀ ਜਿੱਤ ਆਸਾਨ ਨਹੀਂ ਹੋਵੇਗੀ।