ਸਾਨ ਫਰਾਂਸਿਸਕੋ (ਏਜੰਸੀਆਂ) : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡਣਾ ਪੈ ਰਿਹਾ ਹੈ। ਇਹ ਅੱਗ ਸੂਬੇ ਦੇ ਪੂਰਬੀ ਲਾਸ ਏਂਜਲਸ ਸ਼ਹਿਰ ਦੇ ਸਰਹੱਦੀ ਪਹਾੜਾਂ 'ਤੇ ਸਥਿਤ ਜੰਗਲਾਂ 'ਚ ਲੱਗੀ ਹੈ। ਇਸ 'ਤੇ ਕਾਬੂ ਪਾਉਣ ਲਈ 1,300 ਤੋਂ ਜ਼ਿਆਦਾ ਫਾਇਰ ਬਿ੍ਗੇਡ ਮੁਲਾਜ਼ਮਾਂ ਨੂੰ ਉਤਾਰਿਆ ਗਿਆ ਹੈ। ਇਨ੍ਹਾਂ ਦੀ ਮਦਦ ਲਈ ਹੈਲੀਕਾਪਟਰ ਵੀ ਲਾਏ ਗਏ ਹਨ। ਜਹਾਜ਼ਾਂ ਨਾਲ ਵੀ ਪਾਣੀ ਛਿੜਕਿਆ ਜਾ ਰਿਹਾ ਹੈ।

ਕੈਲੀਫੋਰਨੀਆ ਦੇ ਜੰਗਲਾਂ 'ਚ ਇਸ ਸਾਲ ਅੱਗ ਦੀ ਇਹ ਪਹਿਲੀ ਘਟਨਾ ਹੈ। ਜੰਗਲਾਂ 'ਚ ਬੀਤੇ ਸ਼ੁੱਕਰਵਾਰ ਨੂੰ ਭੜਕੀ ਅੱਗ ਲਗਾਤਾਰ ਵੱਧਦੀ ਜਾ ਰਹੀ ਹੈ। ਸੂਬੇ ਦੇ ਵਣ ਵਿਭਾਗ ਨੇ ਇਕ ਬਿਆਨ 'ਚ ਦੱਸਿਆ ਕਿ ਕਰੀਬ 80 ਵਰਗ ਕਿਲੋਮੀਟਰ ਦੇ ਇਲਾਕੇ 'ਚ ਅੱਗ ਫੈਲ ਚੁੱਕੀ ਹੈ। ਇਸ ਇਲਾਕੇ 'ਚ ਬੂਟੇ ਤੇ ਦਰਖ਼ਤ ਖਾਕ ਹੋ ਗਏ ਹਨ। ਕਈ ਘਰ ਵੀ ਤਬਾਹ ਹੋ ਗਏ ਹਨ। ਸੋਮਵਾਰ ਸਵੇਰੇ ਤਕ ਕਰੀਬ ਪੰਜ ਫ਼ੀਸਦੀ ਇਲਾਕੇ 'ਚ ਫੈਲੀ ਅੱਗ ਬੁਝਾ ਦਿੱਤੀ ਗਈ ਹੈ।

ਅਧਿਕਾਰੀਆਂ ਅਨੁਸਾਰ, ਅੱਗ ਪ੍ਰਭਾਵਿਤ ਇਲਾਕਿਆਂ 'ਚ ਰਹਿਣ ਵਾਲੇ ਕਰੀਬ ਅੱਠ ਹਜ਼ਾਰ ਨਿਵਾਸੀਆਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ। ਜ਼ਿਆਦਾ ਤਾਪਮਾਨ ਤੇ ਘੱਟ ਨਮੀ ਕਾਰਨ ਅੱਗ ਤੇਜ਼ੀ ਨਾਲ ਫੈਲਦੀ ਜਾ ਰਹੀ ਹੈ। ਲਾਸ ਏਂਜਲਸ ਤੋਂ 137 ਕਿਲੋਮੀਟਰ ਦੂਰੀ ਚੇਰੀ ਵੈਲੀ ਇਲਾਕੇ 'ਚ ਸ਼ੁੱਕਰਵਾਰ ਨੂੰ ਸਭ ਤੋਂ ਪਹਿਲਾਂ ਅੱਗ ਲੱਗੀ ਸੀ। ਇਸ ਤੋਂ ਬਾਅਦ ਹੋਰ ਇਲਾਕਿਆਂ ਤਕ ਫੈਲ ਗਈ ਹੈ।