ਲੰਡਨ (ਪੀਟੀਆਈ) : ਵਿਗਿਆਨੀਆਂ ਨੂੰ ਦੁਨੀਆ ਦਾ ਸਭ ਤੋਂ ਪਤਲਾ ਸੋਨਾ ਬਣਾਉਣ 'ਚ ਕਾਮਯਾਬੀ ਮਿਲੀ ਹੈ। ਇਸ ਦੀ ਮੋਟਾਈ ਸਿਰਫ਼ ਦੋ ਅਣੂਆਂ ਜਿੰਨੀ ਹੈ। ਇਸ ਦਾ ਮਤਲਬ ਹੋਇਆ ਕਿ ਇਹ ਸਾਡੀ ਉਂਗਲੀ ਦੇ ਨਹੁੰ ਤੋਂ ਕਰੀਬ 10 ਲੱਖ ਗੁਣਾ ਬਰੀਕ ਹੈ। ਇਹ ਨਵਾਂ ਸੋਨਾ ਮੈਡੀਕਲ ਤੋਂ ਲੈ ਕੇ ਸਨਅਤੀ ਖੇਤਰਾਂ ਲਈ ਵੱਡੇ ਪੈਮਾਨੇ 'ਤੇ ਉਪਯੋਗੀ ਹੋ ਸਕਦਾ ਹੈ।

ਬਰਤਾਨੀਆ ਦੀ ਲੀਡਸ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਇਸ ਸੋਨੇ ਦੀ ਮੋਟਾਈ ਨੂੰ 0.47 ਨੈਨੋਮੀਟਰ ਮਾਪਿਆ ਹੈ। ਉਨ੍ਹਾਂ ਇਸ ਮੈਟੀਰੀਅਲ ਨੂੰ ਟੂ-ਡਾਈਮੈਂਸ਼ਨਲ (2ਡੀ) ਮੰਨਿਆ ਹੈ ਕਿਉਂਕਿ ਇਸ ਦੀਆਂ ਪਰਤਾਂ ਸਿਰਫ਼ ਦੋ ਅਣੂਆਂ ਨਾਲ ਬਣੀਆਂ ਹਨ। ਲੀਡਸ ਦੀ ਸ਼ੋਧਕਰਤਾ ਸੂੰਜੀ ਯੇ ਨੇ ਕਿਹਾ, 'ਇਹ ਖੋਜ ਬਹੁਤ ਵੱਡੀ ਪ੍ਰਾਪਤੀ ਹੈ। ਇਸ ਨਾਲ ਨਾ ਸਿਰਫ਼ ਮੌਜੂਦਾ ਤਕਨੀਕਾਂ 'ਚ ਸੋਨੇ ਦਾ ਜ਼ਿਆਦਾ ਅਸਰਦਾਰ ਤਰੀਕੇ ਨਾਲ ਇਸਤੇਮਾਲ ਕਰਨ ਦਾ ਰਾਹ ਖੁੱਲ੍ਹ ਸਕੇਗਾ ਬਲਕਿ ਵਿਗਿਆਨੀ ਇਸ ਤਕਨੀਕ ਦੀ ਮਦਦ ਨਾਲ ਹੋਰ ਟੂ-ਡੀ ਧਾਤੂ ਵੀ ਵਿਕਸਿਤ ਕਰ ਸਕਣਗੇ। ਇਸ ਵਿਧੀ ਦੀ ਮਦਦ ਨਾਲ ਨਵੇਂ ਨੈਨੋਮੈਟੀਰੀਅਲ ਤਿਆਰ ਹੋ ਸਕਦੇ ਹਨ।' ਲੀਡਸ ਦੇ ਮੋਲੀਕਿਊਲਰ ਐਂਡ ਨੈਨੋਸਕੇਲ ਰਿਸਰਚ ਗਰੁੱਪ ਦੇ ਪ੍ਰਮੁੱਖ ਪ੍ਰੋਫੈਸਰ ਸਟੀਫਨ ਇਵਾਂਸ ਨੇ ਕਿਹਾ, 'ਸੋਨਾ ਬੇਹੱਦ ਅਸਰਦਾਰ ਉਤਪ੍ਰਰੇਰਕ ਹੁੰਦਾ ਹੈ ਕਿਉਂਕਿ ਇਸ 'ਚ ਨੈਨੋਸ਼ੀਟਸ ਏਨੇ ਪਤਲੇ ਹੁੰਦੇ ਹਨ ਕਿ ਉਸ ਦਾ ਹਰ ਅਣੂ ਉਤਪ੍ਰੇਰਕ 'ਚ ਭੂਮਿਕਾ ਨਿਭਾਉਂਦਾ ਹੈ।'

ਮੈਡੀਕਲ ਡਿਵਾਈਸ ਲਈ ਉਪਯੋਗੀ

ਸ਼ੋਧਕਰਤਾਵਾਂ ਦਾ ਮੰਨਣਾ ਹੈ ਕਿ ਇਹ ਨਵਾਂ ਮੈਟੀਰੀਅਲ ਮੈਡੀਕਲ ਡਿਵਾਈਸ ਤੇ ਇਲੈਕਟ੍ਰਾਨਿਕਸ ਇੰਡਸਟਰੀ ਲਈ ਵੱਡੇ ਪੈਮਾਨੇ 'ਤੇ ਉਪਯੋਗੀ ਹੋ ਸਕਦਾ ਹੈ। ਇਸ ਨਾਲ ਇੰਡਸਟ੍ਰੀਅਲ ਪ੍ਰੋਸੈਸ 'ਚ ਰਿਸਾਇਣਕ ਕ੍ਰਿਆਵਾਂ ਦੀ ਗਤੀ ਵੀ ਵਧਾਉਣ 'ਚ ਮਦਦ ਮਿਲ ਸਕਦੀ ਹੈ।

ਗੋਲਡ ਨੈਨੋਪਾਰਟੀਕਲਸ ਤੋਂ ਦਸ ਗੁਣਾ ਜ਼ਿਆਦਾ ਅਸਰਦਾਰ

ਲੈਬ 'ਚ ਕੀਤੇ ਗਏ ਪ੍ਰੀਖਣਾਂ 'ਚ ਇਹ ਬੇਹੱਦ ਪਤਲਾ ਸੋਨਾ ਉਤਪ੍ਰੇਰਕ ਦੇ ਤੌਰ 'ਤੇ ਮੌਜੂਦਾ ਗੋਲਡ ਨੈਨੋਪਾਰਟੀਕਲਸ ਦੇ ਮੁਕਾਬਲੇ 10 ਗੁਣਾ ਜ਼ਿਆਦਾ ਅਸਰਦਾਰ ਪਾਇਆ ਗਿਆ। ਗੋਲਡ ਨੈਨੋਪਾਰਟੀਕਲਸ 3ਡੀ ਮੈਟੀਰੀਅਲ ਹੁੰਦਾ ਹੈ। ਇਸ 'ਚ ਵੱਡੀ ਸੰਖਿਆ 'ਚ ਅਣੂ ਹੁੰਦੇ ਹਨ।

ਨਕਲੀ ਇੰਜਾਈਮ ਬਣਾਉਣ 'ਚ ਮਦਦਗਾਰ

ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਨਵੇਂ ਮੈਟੀਰੀਅਲ ਨਾਲ ਨਕਲੀ ਇੰਜਾਈਮ ਬਣਾਇਆ ਜਾ ਸਕਦਾ ਹੈ। ਇਸ ਇੰਜਾਈਮ ਦੀ ਕਈ ਡਾਕਟਰੀ ਜਾਂਚਾਂ ਤੇ ਪਾਣੀ ਸਾਫ਼ ਕਰਨ ਦੀਆਂ ਪ੍ਰਣਾਲੀਆਂ 'ਚ ਵਰਤੋਂ ਹੋ ਸਕਦੀ ਹੈ।