ਲੰਡਨ (ਏਐੱਨਆਈ) : ਬਿ੍ਟਿਸ਼ ਸਰਕਾਰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਲੋਕਾਂ ਦੀ ਸਮੂਹਿਕ ਹੱਤਿਆ ਤੇ ਉਨ੍ਹਾਂ ਨੂੰ ਦਫਨਾਏ ਜਾਣ ਦੀਆਂ ਘਟਨਾਵਾਂ ਤੋਂ ਵਾਕਿਫ ਹੈ। ਇਹ ਗੱਲ ਬਿ੍ਟੇਨ ਦੇ ਵਿਦੇਸ਼ ਰਾਜ ਮੰਤਰੀ ਨੀਜੇਲ ਐਡਮਜ਼ ਨੇ ਕਹੀ ਹੈ।

ਐਡਮਜ਼ ਨੇ ਕਿਹਾ, 'ਸਾਨੂੰ ਉਨ੍ਹਾਂ ਰਿਪੋਰਟਾਂ ਦੀ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ 'ਚ ਬਲੋਚਿਸਤਾਨ ਦੇ ਖੁਜਦਾਰ, ਤੁਰਬਤ ਤੇ ਡੇਰਾ ਬੁਗਤੀ 'ਚ ਸਮੂਹਿਕ ਕਬਰਾਂ ਮਿਲਣ ਦੀ ਜਾਣਕਾਰੀ ਹੈ। ਇਨ੍ਹਾਂ ਰਿਪੋਰਟਾਂ ਨਾਲ ਪਾਕਿਸਤਾਨ ਨੂੰ ਲੈ ਕੇ ਬਿ੍ਟਿਸ਼ ਸਰਕਾਰ ਦੀ ਚਿੰਤਾ ਵਧ ਗਈ ਹੈ।'

ਉਨ੍ਹਾਂ ਨੇ ਕਿਹਾ, 'ਸਾਰੇ ਦੇਸ਼ਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਮਨੁੱਖ ਅਧਿਕਾਰਾਂ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਨਿਭਾਉਣ। ਇਨ੍ਹਾਂ ਅਧਿਕਾਰਾਂ 'ਚ ਹੀ ਜਿਊਣ ਦਾ ਅਧਿਕਾਰ ਵੀ ਸ਼ਾਮਲ ਹੈ ਪਰ ਪਾਕਿਸਤਾਨ 'ਚ ਇਨ੍ਹਾਂ ਦੀ ਲਗਾਤਾਰ ਉਲੰਘਣਾ ਹੋ ਰਹੀ ਹੈ। ਇਸ ਕਾਰਨ ਬਿ੍ਟੇਨ ਪਾਕਿਸਾਤਨ ਦੇ ਸਿਖਰਲੇ ਪੱਧਰ ਕੋਲ ਆਪਣੀ ਚਿੰਤਾ ਪ੍ਰਗਟਾ ਚੁੱਕਾ ਹੈ।' ਪਾਕਿਸਤਾਨ ਸਰਕਾਰ ਨਾਲ ਹੋਣ ਵਾਲੀ ਹਰ ਗੱਲਬਾਤ 'ਚ ਬਿ੍ਟੇਨ ਕਾਨੂੰਨ ਵਿਵਸਥਾ ਦੀ ਸਥਿਤੀ ਤੇ ਮਨੁੱਖੀ ਅਧਿਕਾਰਾਂ ਦਾ ਮਾਮਲਾ ਉਠਾਉਂਦਾ ਹੈ। ਮੰਤਰੀ ਨੇ ਕਿਹਾ ਕਿ ਦੱਖਣੀ ਏਸ਼ੀਆ ਮਾਮਲਿਆਂ ਤੇ ਰਾਸ਼ਟਰ ਮੰਡਲ ਮਾਮਲਿਆਂ ਦੇ ਮੰਤਰੀ ਅਹਿਮਦ ਨੇ ਪਾਕਿਸਤਾਨ ਦੀ ਮਨੁੱਖੀ ਅਧਿਕਾਰ ਮਾਮਲਿਆਂ ਦੀ ਮੰਤਰੀ ਨਾਲ ਫਰਵਰੀ 'ਚ ਹੋਈ ਗੱਲਬਾਤ 'ਚ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ।

ਐਡਮਜ਼ ਨੇ ਇਹ ਗੱਲ ਬਿ੍ਟਿਸ਼ ਸੰਸਦ 'ਚ ਲੇਬਰ ਪਾਰਟੀ ਨੇ ਸੰਸਦ ਸਟੀਫਨ ਮਾਰਗਨ ਦੇ ਇਕ ਲਿਖਤੀ ਸਵਾਲ ਦੇ ਜਵਾਬ 'ਚ ਕਹੀ। ਮਾਰਗਨ ਨੇ ਬਲੋਚਿਸਤਾਨ 'ਚ ਮਨੁੱਖੀ ਅਧਿਕਾਰਾਂ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ।

ਮਾਰਗਨ ਨੇ ਆਪਣੇ ਸਵਾਲ 'ਚ ਇਹ ਵੀ ਲਿਖਿਆ ਹੈ ਕਿ ਪਾਕਿਸਤਾਨ ਸਰਕਾਰ ਬਲੋਚਿਸਤਾਨ 'ਚ ਨਾਗਰਿਕਾਂ ਦੇ ਦਮਨ ਲਈ ਬਿ੍ਟੇਨ ਦੇ ਹਥਿਆਰਾਂ ਦੀ ਵਰਤੋਂ ਕਰ ਰਹੀ ਹੈ। ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ। ਮੰਤਰੀ ਨੇ ਕਿਹਾ, ਯੂਰਪੀ ਯੂਨੀਅਨ ਨਾਲੋਂ ਵੱਖਰਾ ਹੋਣ ਤੋਂ ਬਾਅਦ ਸਾਰੇ ਐਕਸਪੋਰਟ ਲਾਇਸੈਂਸਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪਾਕਿਸਤਾਨ ਨੂੰ ਹਥਿਆਰ ਵੇਚਣ ਦੀ ਪ੍ਰਕਿਰਿਆ 'ਤੇ ਵੀ ਗ਼ੌਰ ਕੀਤਾ ਜਾਵੇਗਾ।