ਲੰਡਨ (ਪੀਟੀਆਈ) : ਖਗੋਲ ਮਾਹਿਰਾਂ ਨੂੰ ਸਾਡੇ ਸੌਰ ਮੰਡਲ ਦੇ ਬਾਹਰ ਇਕ ਗ੍ਰਹਿ 'ਤੇ ਪਾਣੀ ਲੱਭਣ 'ਚ ਪਹਿਲੀ ਵਾਰ ਸਫਲਤਾ ਮਿਲੀ ਹੈ। ਇਸ ਗ੍ਰਹਿ ਦੇ ਵਾਤਾਵਰਨ 'ਚ ਪਾਣੀ ਦੀ ਮੌਜੂਦਗੀ ਪਾਈ ਗਈ ਹੈ। ਇਸ ਦਾ ਤਾਪਮਾਨ ਵੀ ਸਾਡੀ ਧਰਤੀ ਜਿਹਾ ਹੀ ਹੈ। ਇਸ ਲਈ ਉਮੀਦ ਪ੍ਰਗਟਾਈ ਗਈ ਹੈ ਕਿ ਇਸ 'ਤੇ ਜੀਵਨ ਦੇ ਅਨੁਕੂਲ ਮਾਹੌਲ ਹੋ ਸਕਦਾ ਹੈ।

ਨੇਚਰ ਐਸਟ੍ਰੋਨਾਮੀ ਜਰਨਲ 'ਚ ਪ੍ਰਕਾਸ਼ਿਤ ਅਧਿਐਨ ਮੁਤਾਬਕ, ਕੇ2-18ਬੀ ਅਜਿਹਾ ਪਹਿਲਾ ਗ੍ਰਹਿ ਹੈ, ਜਿਸ 'ਤੇ ਪਾਣੀ ਅਤੇ ਧਰਤੀ ਜਿਹਾ ਤਾਪਮਾਨ ਦੋਵੇਂ ਪਾਏ ਗਏ ਹਨ। ਇਸ ਲਈ ਇਹ ਗ੍ਰਹਿ ਰਹਿਣ ਯੋਗ ਹੋ ਸਕਦਾ ਹੈ। ਇਸ ਦਾ ਦ੍ਵਮਾਨ ਹਾਲਾਂਕਿ ਧਰਤੀ ਨਾਲੋਂ ਅੱਠ ਗੁਣਾ ਜ਼ਿਆਦਾ ਹੈ। ਸ਼ੋਧਕਰਤਾਵਾਂ ਨੇ ਦੱਸਿਆ ਕਿ ਕੇ2-18ਬੀ ਗ੍ਰਹਿ ਆਪਣੇ ਦੂਰ ਦੁਰਾਡੇ ਬੌਨੇ ਤਾਰੇ ਕੇ2-18 ਦੀ ਪਰਿਕਰਮਾ ਕਰ ਰਿਹਾ ਹੈ। ਇਹ ਧਰਤੀ ਤੋਂ 110 ਪ੍ਰਕਾਸ਼ ਸਾਲ ਦੂਰ ਲਿਓ ਤਾਰਾਮੰਡਲ 'ਚ ਸਥਿਤ ਹੈ। ਖਗੋਲ ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਤਾਰੇ ਦੀ ਪਰਿਕਰਮਾ ਕਰ ਰਹੇ ਗ੍ਰਹਿ ਦੇ ਵਾਤਾਵਰਨ 'ਚ ਪਹਿਲੀ ਵਾਰ ਸਫਲਤਾ ਨਾਲ ਪਾਣੀ ਦੀ ਪਛਾਣ ਕੀਤੀ ਗਈ ਹੈ। ਇਸ ਗ੍ਰਹਿ 'ਤੇ ਪਾਣੀ ਦੀ ਹੋਂਦ ਤਰਲ ਦੇ ਰੂਪ 'ਚ ਵੀ ਹੋ ਸਕਦੀ ਹੈ। ਬਰਤਾਨੀਆ ਦੀ ਯੂਨੀਵਰਸਿਟੀ ਕਾਲਜ ਲੰਡਨ ਦੇ ਸ਼ੋਧਕਰਤਾ ਐਂਜਲੋਸ ਸਿਆਰਸ ਨੇ ਕਿਹਾ, 'ਧਰਤੀ ਤੋਂ ਇਲਾਵਾ ਇਕ ਸੰਭਾਵੀ ਰਹਿਣ ਯੋਗ ਗ੍ਰਹਿ 'ਤੇ ਪਾਣੀ ਮਿਲਣਾ ਹੈਰਾਨੀਜਨਕ ਤੇ ਉਤਸ਼ਾਹਜਨਕ ਹੈ। ਕੇ2-18ਬੀ ਦੂਜੀ ਧਰਤੀ ਨਹੀਂ ਹੈ ਕਿਉਂਕਿ ਇਹ ਬਹੁਤ ਭਾਰੀ ਹੈ। ਇਸ ਦਾ ਵਾਯੂਮੰਡਲੀ ਸੰਯੋਜਨ ਵੀ ਵੱਖਰਾ ਹੈ। ਪਰ ਇਸ ਖੋਜ ਨਾਲ ਅਸੀਂ ਉਸ ਮੌਲਿਕ ਸਵਾਲ ਦਾ ਜਵਾਬ ਦੇਣ ਦੇ ਕਰੀਬ ਪਹੁੰਚ ਰਹੇ ਹਾਂ ਕਿ ਕੀ ਧਰਤੀ ਅਨੋਖੀ ਹੈ?'

ਇਸ ਤਰ੍ਹਾਂ ਕੀਤੀ ਗਈ ਖੋਜ

ਖਗੋਲ ਮਾਹਿਰਾਂ ਨੇ ਈਐੱਸਏ/ਨਾਸਾ ਹੱਬਲ ਸਪੇਸ ਟੈਲੀਸਕੋਪ ਵੱਲੋਂ ਸਾਲ 2016 ਤੋਂ 2017 ਦੌਰਾਨ ਇਕੱਠੇ ਕੀਤੇ ਗਏ ਅੰਕੜਿਆਂ ਦਾ ਅਧਿਐਨ ਕੀਤਾ। ਇਨ੍ਹਾਂ ਅੰਕੜਿਆਂ ਰਾਹੀਂ ਕੇ2-18ਬੀ ਦੇ ਵਾਤਾਵਰਨ ਦੇ ਵਿਸ਼ਲੇਸ਼ਣ ਦੇ ਆਧਾਰ 'ਤੇ ਪਾਣੀ ਦੀ ਪਛਾਣ ਕੀਤੀ ਗਈ।

ਹਾਈਡ੍ਰੋਜਨ ਤੇ ਹੀਲੀਅਮ ਦੇ ਮਿਲੇ ਸੰਕੇਤ

ਸ਼ੋਧਕਰਤਾਵਾਂ ਨੇ ਕਿਹਾ ਕਿ ਜਲਵਾਸ਼ਪ ਦੀ ਨਿਸ਼ਾਨੀ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ ਗ੍ਰਹਿ ਦੇ ਵਾਤਾਵਰਨ 'ਚ ਹਾਈਡ੍ਰੋਜਨ ਤੇ ਹੀਲੀਅਮ ਦੀ ਮੌਜੂਦਗੀ ਵੀ ਹੋ ਸਕਦੀ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਕੇ2-18ਬੀ ਗ੍ਰਹਿ ਦੇ ਵਾਤਾਵਰਨ 'ਚ ਨਾਈਟ੍ਰੋਜਨ ਤੇ ਮੀਥੇਨ ਹੋਣ ਦੇ ਵੀ ਸੰਕੇਤ ਮਿਲੇ ਹਨ। ਪਰ ਮੌਜੂਦਾ ਨਿਰੀਖਣਾਂ 'ਚ ਇਨ੍ਹਾਂ ਦੀ ਪਛਾਣ ਨਹੀਂ ਹੋ ਪਾ ਰਹੀ ਹੈ।

ਪਾਣੀ ਦੀ ਮਾਤਰਾ ਦਾ ਅਨੁਮਾਨ ਲਗਾਉਣਾ ਬਾਕੀ

ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਇਹ ਅਨੁਮਾਨ ਲਗਾਉਣ ਲਈ ਹੋਰ ਅਧਿਐਨ ਕਰਨ ਦੀ ਲੋੜ ਹੈ ਕਿ ਕੇ2-18ਬੀ ਗ੍ਰਹਿ 'ਤੇ ਬੱਦਲਾਂ ਦਾ ਕਿੰਨਾ ਕਵਰੇਜ ਹੈ ਤੇ ਇਸ ਦੇ ਵਾਤਾਵਰਨ 'ਚ ਕਿੰਨੇ ਫ਼ੀਸਦੀ ਪਾਣੀ ਹੈ?

2015 'ਚ ਮਿਲਿਆ ਸੀ ਇਹ ਗ੍ਰਹਿਸਾਲ 2015 'ਚ ਨਾਸਾ ਦੇ ਕੇਪਲਰ ਪੁਲਾੜ ਜਹਾਜ਼ ਨੇ ਕੇ2-18ਬੀ ਗ੍ਰਹਿ ਦੀ ਖੋਜ ਕੀਤੀ ਸੀ। ਇਹ ਜਿਸ ਲਾਲ ਬੌਨੇ ਤਾਰੇ ਦੀ ਪਰਿਕਰਮਾ ਕਰਦਾ ਹੈ, ਉਹ ਬੇਹੱਦ ਠੰਢਾ ਹੈ।