ਲੰਡਨ (ਏਜੰਸੀ) : ਬਰਤਾਨਵੀ ਹਾਈ ਕੋਰਟ ਨੇ ਭਗੋੜੇ ਕਾਰੋਬਾਰੀ ਵਿਜੇ ਮਾਲਿਆ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਇਸਦੇ ਨਾਲ ਹੀ ਭਾਰਤੀ ਬੈਂਕਾਂ ਲਈ ਦੁਨੀਆ ਭਰ ’ਚ ਫੈਲੀਆਂ ਉਸ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਰਸਤਾ ਆਸਾਨ ਹੋ ਗਿਆ ਹੈ।

ਮਾਲਿਆ ਨੇ ਹੁਣ ਬੰਦ ਹੋ ਚੁੱਕੀ ਆਪਣੀ ਕਿੰਗਫਿਸ਼ਰ ਏਅਰਲਾਈਨਸ ਲਈ ਭਾਰਤੀ ਬੈਂਕਾਂ ਤੋਂ ਨੌਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਲਿਆ ਸੀ ਤੇ ਜਦੋਂ ਕੰਪਨੀ ਡੁੱਬੀ ਤਾਂ ਕਰਜ਼ ਚੁਕਾਏ ਬਿਨਾ ਹੀ ਉਹ ਲੰਡਨ ਭੱਜ ਗਿਆ। ਮਾਲਿਆ ਦੇ ਖਿਲਾਫ਼ ਭਾਰਤੀ ਸਟੇਟ ਬੈਂਕ ਦੀ ਅਗਵਾਈ ’ਚ ਭਾਰਤੀ ਬੈਂਕਾਂ ਦੇ ਇਕ ਸੰਘ ਨੇ ਬਰਤਾਨਵੀ ਕੋਰਟ ’ਚ ਪਟੀਸ਼ਨ ਦਾਖ਼ਲ ਕੀਤੀ ਸੀ।

ਭਾਰਤ ’ਚ ਮਾਲਿਆ ਦੀਆਂ ਬੈਂਕਾਂ ਨਾਲ ਧੋਖਾਧੜੀ ਤੇ ਮਨੀ ਲਾਂਡਿ੍ਰੰਗ ਮਾਮਲੇ ’ਚ ਭਾਲ ਹੈ। ਬਰਤਾਨੀਆ ’ਚ ਹਾਲੇ ਉਹ ਜ਼ਮਾਨਤ ’ਤੇ ਹੈ ਤੇ ਉਸਨੇ ਉੱਥੇ ਸ਼ਰਨ ਲੈਣ ਲਈ ਅਪੀਲ ਵੀ ਕੀਤੀ ਹੋਈ ਹੈ।

ਹਾਈ ਕੋਰਟ ਦੇ ਚਾਂਸਰੀ ਡਵੀਜ਼ਨ ਦੀ ਵਰਚੁਅਲ ਸੁਣਵਾਈ ਦੌਰਾਨ ਚੀਫ ਇਨਸਾਲਵੈਂਸੀ ਐਂਡ ਕੰਪਨੀ ਕੋਰਟ (ਆਈਸੀਸੀ) ਦੇ ਜੱਜ ਮਾਈਕਲ ਬਿ੍ਰਗਸ ਨੇ ਮਾਲਿਆ ਨੂੰ ਦੀਵਾਲੀਆ ਐਲਾਨ ਦਿੱਤਾ ਹੈ। ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਤੈਅ ਕਰਨਾ ਹੈ ਕਿ ਕੀ ਨਿਸ਼ਚਿਤ ਸਮੇਂ ’ਚ ਪਟੀਸ਼ਨ ਨੂੰ ਕਰਜ਼ ਦੇ ਪੂਰਨ ਭੁਗਤਾਨ ਦੀ ਅਸਲੀ ਸੰਭਾਵਨਾ ਹੈ। ਜੱਜ ਨੇ ਇਹ ਵੀ ਕਿਹਾ ਕਿ ਇਸਦੀ ਸੰਭਾਵਨਾ ਬਹੁਤ ਘੱਟ ਹੈ ਕਿ ਮਾਲਿਆ ਵੱਲੋਂ ਉਚਿਤ ਸਮੇਂ ’ਚ ਪੂਰਨ ਕਰਜ਼ ਦਾ ਭੁਗਤਾਨ ਕੀਤਾ ਜਾਵੇਗਾ।

ਮਾਲਿਆ ਦੇ ਵਕੀਲ ਨੇ ਹਾਈ ਕੋਰਟ ਦੇ ਫ਼ੈਸਲੇ ਖ਼ਿਲਾਫ਼ ਉੱਚੀ ਅਦਾਲਤ ’ਚ ਅਪੀਲ ਕਰਨ ਦਾ ਸੰਕੇਤ ਦਿੱਤਾ ਹੈ।

ਸੁਣਵਾਈ ਦੌਰਾਨ ਜੱਜ ਨੇ ਮਾਲਿਆ ਦੇ ਵਕੀਲ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੇ ਮੁਵੱਕਲ ਦੇ ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰਨ ਲਈ ਭਾਰਤ ਜਾਣ ਦੀ ਸੰਭਾਵਨਾ ਹੈ। ਵਕੀਲ ਨੇ ਕਿਹਾ ਕਿ ਅਜਿਹੀ ਕੋਈ ਸੰਭਾਵਨਾ ਨਹੀਂ ਹੈ।

Posted By: Jatinder Singh