ਹਨੋਈ (ਏਪੀ) : ਬਰਤਾਨੀਆ ਪੁੱਜੇ ਇਕ ਰੈਫਰਿਜਰੇਟਿਡ ਟਰੱਕ ਕੰਟੇਨਰ ਵਿਚੋਂ 39 ਲਾਸ਼ਾਂ ਮਿਲਣ ਦੇ ਮਾਮਲੇ ਵਿਚ ਵੀਅਤਨਾਮ ਵਿਚ ਹੋਰ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਪਿਛਲੇ ਮਹੀਨੇ ਕੰਟੇਨਰ ਤੋਂ ਮਿਲੀਆਂ ਇਨ੍ਹਾਂ ਲਾਸ਼ਾਂ ਦੀ ਪਛਾਣ ਵੀਅਤਨਾਮੀ ਨਾਗਰਿਕਾਂ ਵਜੋਂ ਕੀਤੀ ਗਈ ਹੈ।

ਵੀਅਤਨਾਮ ਦੀ ਪੁਲਿਸ ਨੇ ਕਿਹਾ ਹੈ ਕਿ ਮਨੁੱਖੀ ਸਮੱਗਲਿੰਗ ਦੇ ਦੋਸ਼ ਵਿਚ ਐਤਵਾਰ ਨੂੰ ਅੱਠ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ। ਬਰਤਾਨੀਆ ਦੀ ਪੁਲਿਸ ਨੇ ਬੀਤੇ ਸ਼ੁੱਕਰਵਾਰ ਕਿਹਾ ਸੀ ਕਿ ਕੰਟੇਨਰ ਵਿਚ ਮਿ੍ਤਕ ਮਿਲੇ ਲੋਕ ਵੀਅਤਨਾਮੀ ਸਨ। ਸ਼ੁਰੂ ਵਿਚ ਉਨ੍ਹਾਂ ਨੂੰ ਚੀਨੀ ਨਾਗਰਿਕ ਦੱਸਿਆ ਗਿਆ ਸੀ ਪ੍ਰੰਤੂ ਜਦੋਂ ਪੀੜਤ ਵੀਅਤਨਾਮੀ ਪਰਿਵਾਰਾਂ ਨੇ ਆਪਣਿਆਂ ਦੇ ਲਾਪਤਾ ਹੋਣ ਦੀ ਸ਼ਿਕਾਇਤ ਕੀਤੀ ਤਾਂ ਇਹ ਮਾਮਲਾ ਉਜਾਗਰ ਹੋਇਆ। ਬਰਤਾਨੀਆ ਦੀ ਪੁਲਿਸ ਨੇ 23 ਅਕਤੂਬਰ ਨੂੰ ਮੱਧ ਲੰਡਨ ਤੋਂ ਕਰੀਬ 32 ਕਿਲੋਮੀਟਰ ਦੂਰ ਸਥਿਤ ਗ੍ਰੇਜ ਉਦਯੋਗਿਕ ਖੇਤਰ ਵਿਚ ਪੁੱਜੇ ਇਕ ਟਰੱਕ ਕੰਟੇਨਰ ਤੋਂ 39 ਲਾਸ਼ਾਂ ਬਰਾਮਦ ਕੀਤੀਆਂ ਸਨ। ਇਸ ਮਾਮਲੇ ਵਿਚ ਉੱਤਰੀ ਆਇਰਲੈਂਡ ਦੇ ਟਰੱਕ ਡਰਾਈਵਰ ਮੌਰਿਸ ਰਾਬਿਨਸਨ (25) ਨੂੰ ਹੱਤਿਆ ਦੇ ਸ਼ੱਕ ਵਿਚ ਗਿ੍ਫ਼ਤਾਰ ਕੀਤਾ ਗਿਆ ਸੀ। ਇਸ ਪਿੱਛੋਂ ਪਿਛਲੇ ਸ਼ੁੱਕਰਵਾਰ ਨੂੰ ਉੱਤਰੀ ਆਇਰਲੈਂਡ ਤੋਂ ਇਕ ਹੋਰ ਵਿਅਕਤੀ ਦੀ ਗਿ੍ਫ਼ਤਾਰੀ ਹੋਈ ਸੀ। ਇਸੇ ਦਿਨ ਦੋ ਹੋਰ ਵੀਅਤਨਾਮੀ ਨਾਗਰਿਕਾਂ ਨੂੰ ਵੀ ਫੜਿਆ ਗਿਆ ਸੀ।

ਗ੍ਰੀਸ 'ਚ ਟਰੱਕ ਵਿਚੋਂ ਮਿਲੇ 41 ਸ਼ਰਨਾਰਥੀ

ਏਥਨਜ਼ (ਰਾਇਟਰ) : ਗ੍ਰੀਸ ਦੀ ਪੁਲਿਸ ਨੂੰ ਜਾਂਚ ਦੌਰਾਨ ਇਕ ਰੈਫਰਿਜਰੇਟਿਡ ਟਰੱਕ ਵਿਚੋਂ 41 ਸ਼ਰਨਾਰਥੀ ਮਿਲੇ ਹਨ। ਉਹ ਟਰੱਕ ਵਿਚ ਲੁੱਕ ਕੇ ਬੈਠੇ ਹੋਏ ਸਨ। ਸਾਰੇ ਸੁਰੱਖਿਅਤ ਹਨ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਅਫ਼ਗਾਨ ਨਾਗਰਿਕ ਹਨ। ਉੱਤਰੀ ਗ੍ਰੀਸ ਦੇ ਜਾਨਥੀ ਸ਼ਹਿਰ ਵਿਚ ਰੋਜ਼ਾਨਾ ਦੀ ਜਾਂਚ ਦੌਰਾਨ ਟਰੱਕ ਨੂੰ ਰੋਕਿਆ ਗਿਆ ਸੀ। ਟਰੱਕ ਦੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।