ਵਾਸ਼ਿੰਗਟਨ: ਕਸ਼ਮੀਰ ਮੁੱਦੇ 'ਤੇ ਵਿਚੋਲਗੀ ਨੂੰ ਤਿਆਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਮੁੜ ਬਿਆਨ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਜੇਕਰ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਹਿਣ ਤਾਂ ਉਹ ਇਸ ਮੁੱਦੇ 'ਤੇ ਮਦਦ ਲਈ ਤਿਆਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਉਨ੍ਹਾਂ ਭਾਰਤ ਤੇ ਪਾਕਿ ਦੋਵਾਂ ਨਾਲ ਗੱਲਬਾਤ ਕੀਤੀ ਹੈ।

ਭਾਰਤ ਨੇ ਅਮਰੀਕੀ ਵਿਦੇਸ਼ ਮੰਤਰੀ ਡੋਨਾਲਡ ਟਰੰਪ ਵੱਲੋ ਕਸ਼ਮੀਰ ਮੁੱਦੇ ਨੂੰ ਹੱਲ ਕਰਨ ਲਈ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਰਾਹੀਂ ਕੰਮ ਕਰਨ ਦੀ ਪੇਸ਼ਕਸ਼ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ, ਨਾਲ ਹੀ ਦੁਹਰਾਇਆ ਹੈ ਕਿ ਇਹ ਇਕ ਦੁਵੱਲਾ ਮੁੱਦਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ 9ਵੇਂ ਆਸਿਆਨ (ASEAN Summit) ਸ਼ਿਖ਼ਰ ਸੰਮੇਲਨ 'ਚ ਵਿਦੇਸ਼ ਮੰਤਰੀਆਂ ਨਾਲ ਬੈਠਕ ਦੇ ਦੂਸਰੇ ਦਿਨ ਆਪਣੇ ਹਮਰੁਤਬੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਸ਼ਮੀਰ 'ਤੇ ਕੋਈ ਚਰਚਾ ਸਿਰਫ਼ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗੀ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਪੋਂਪੀਓ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ, ' ਅੱਜ ਸਵੇਰੇ ਅਮਰੀਕੀ ਹਮਰੁਤਬਾ ਮਾਈਕ ਪੋਂਪੀਓ ਨੂੰ ਸਪੱਸ਼ਟ ਸ਼ਬਦਾਂ 'ਚ ਜਾਣੂ ਕਰਵਾਇਆ ਕਿ ਕਸ਼ਮੀਰ 'ਤੇ ਕੋਈ ਵੀ ਚਰਚਾ, ਜੇਕਰ ਸੰਭਵ ਹੈ ਤਾਂ ਉਹ ਸਿਰਫ਼ ਭਾਰਤ ਤੇ ਪਾਕਿਸਤਾਨ ਨਾਲ ਹੋਵੇਗੀ।'


ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਪੱਤਰਕਾਰਾਂ ਨੇ ਕਸ਼ਮੀਰ ਮੁੱਦੇ 'ਤੇ ਵਿਚੋਲਗੀ ਸਬੰਧਈ ਸਵਾਲ ਪੁੱਛੇ ਸਨ। ਜਿਸ ਦੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਜੇਕਰ ਭਾਰਤ-ਪਾਕਿ ਚਾਹੁਣ ਤਾਂ ਉਹ ਇਸ ਮੁੱਦੇ 'ਤੇ ਵਿਚੋਲਗੀ ਲਈ ਤਿਆਰ ਹਨ। ਟਰੰਪ ਨੇ ਆਪਣੇ ਪੂਰੇ ਬਿਆਨ 'ਚ ਕਿਹਾ, 'ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿ ਪੀਐੱਮ ਇਮਰਾਨ ਖ਼ਾਨ ਦੇ ਉੱਪਰ ਹੈ। ਉਹ ਸ਼ਾਨਦਾਰ ਲੋਕ ਹਨ, ਜੇਕਰ ਉਹ ਚਾਹੁੰਦੇ ਹਨ ਕਿ ਇਸ ਮੁੱਦੇ 'ਤੇ ਮਦਦ ਲਈ ਕੋਈ ਦਖ਼ਲ ਕਰੇ। ਮੈਂ ਇਸ ਸਬੰਧੀ ਪਾਕਿਸਤਾਨ ਤੇ ਭਾਰਤ ਨਾਲ ਗੱਲਬਾਤ ਕੀਤੀ ਹੈ, ਕਿਉਂਕਿ ਲੰਮੇ ਸਮੇਂ ਤੋਂ ਇਹ ਲੜਾਈ ਚੱਲ ਰਹੀ ਹੈ।'

ਟਰੰਪ ਨੇ ਨਾਲ ਹੀ ਕਿਹਾ, 'ਇਹ ਅਸਲ 'ਚ ਪੀਐੱਮ ਮੋਦੀ 'ਤੇ ਨਿਰਭਰ ਕਰਦਾ ਹੈ। ਮੈਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਮਿਲਿਆ, ਮੈਨੂੰ ਬਹੁਤ ਚੰਗਾ ਲੱਗਾ। ਮੈਨੂੰ ਲਗਦਾ ਹੈ ਕਿ ਉਹ ਦੋਵੇਂ (ਇਮਰਾਨ ਖ਼ਾਨ ਤੇ ਨਰਿੰਦਰ ਮੋਦੀ) ਸ਼ਾਨਦਾਰ ਵਿਅਕਤੀ ਹਨ। ਮੇਰਾ ਮਤਲਬ ਹੈ ਕਿ ਮੈਂ ਸੋਚਦਾ ਹਾਂ ਕਿ ਉਹ ਚੰਗੀ ਤਰ੍ਹਾਂ ਮਿਲ ਸਕਦੇ ਹਨ।'

Posted By: Akash Deep