ਲੰਡਨ (ਰਾਇਟਰ) : ਬਰਤਾਨੀਆ ਦੀ ਰਾਜਧਾਨੀ ਲੰਡਨ ਦੇ ਰਿਹਾਇਸ਼ੀ ਇਲਾਕੇ ਸਟ੍ਰੀਡਮ 'ਚ ਐਤਵਾਰ ਨੂੰ ਅੱਤਵਾਦੀ ਹਮਲਾ ਹੋ ਗਿਆ। ਬੈਗ ਵਿਚ ਬੰਬ ਲਈ ਇਕ ਹਮਲਾਵਰ ਨੇ ਚਾਕੂ ਮਾਰ ਕੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਕੋਈ ਹੋਰ ਨੁਕਸਾਨ ਕਰਦਾ ਪੁਲਿਸ ਨੇ ਮੁਕਾਬਲੇ ਵਿਚ ਉਸ ਨੂੰ ਢੇਰ ਕਰ ਦਿੱਤਾ। ਲੰਡਨ ਪੁਲਿਸ ਨੇ ਇਸ ਨੂੰ ਅੱਤਵਾਦੀ ਵਾਰਦਾਤ ਐਲਾਨਿਆ ਹੈ। ਵੈਸਟਰਨ ਸਕਿਓਰਟੀ ਸੂਤਰਾਂ ਨੇ ਇਸ ਨੂੰ ਇਸਲਾਮਿਕ ਅੱਤਵਾਦ ਨਾਲ ਜੁੜੀ ਵਾਰਦਾਤ ਦੱਸਿਆ।

ਪੁਲਿਸ ਨੇ ਟਵੀਟ ਕੀਤਾ, 'ਦੱਖਣੀ ਲੰਡਨ ਦੇ ਸਟ੍ਰੀਡਮ 'ਚ ਪੁਲਿਸ ਨੇ ਹਮਲਾਵਰ ਨੂੰ ਢੇਰ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਕਈ ਲੋਕਾਂ 'ਤੇ ਚਾਕੂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਹਾਲਾਤ 'ਤੇ ਗ਼ੌਰ ਕੀਤਾ ਜਾ ਰਿਹਾ ਹੈ। ਇਸ ਨੂੰ ਅੱਤਵਾਦੀ ਵਾਰਦਾਤ ਐਲਾਨਿਆ ਜਾਂਦਾ ਹੈ।'

ਮੁਕਾਬਲੇ ਵਾਲੀ ਥਾਂ ਕੋਲ ਹੀ ਕੰਮ ਕਰ ਰਹੇ ਕੇ. ਤਾਹਿਰ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਹਮਲਾਵਰ ਨੂੰ ਤਿੰਨ ਗੋਲ਼ੀਆਂ ਮਾਰੀਆਂ ਗਈਆਂ। ਪੁਲਿਸ ਨੇ ਇਲਾਕੇ ਨੂੰ ਖ਼ਾਲੀ ਕਰਵਾ ਦਿੱਤਾ ਸੀ ਕਿਉਂਕਿ ਹਮਲਾਵਰ ਦੇ ਬੈਗ ਵਿਚ ਬੰਬ ਦੇਖਿਆ ਗਿਆ ਸੀ। ਸਟ੍ਰੀਡਮ ਦੀ ਮੁੱਖ ਸ਼ਾਪਿੰਗ ਸਟ੍ਰੀਟ ਵਿਚ ਮੁਕਾਬਲੇ ਤੋਂ ਪਹਿਲਾਂ ਪੁਲਿਸ ਨੇ ਪੂਰੇ ਇਲਾਕੇ ਨੂੰ ਖ਼ਾਲੀ ਕਰਵਾ ਦਿੱਤਾ ਸੀ। ਸਟ੍ਰੀਡਮ ਟੇਮਜ਼ ਨਦੀ ਦੇ ਦੱਖਣ ਵਾਲੇ ਪਾਸੇ ਸਥਿਤ ਰਿਹਾਇਸ਼ੀ ਇਲਾਕਾ ਹੈ। ਘਟਨਾ ਸਬੰਧੀ ਟਵਿਟਰ 'ਤੇ ਕਈ ਵੀਡੀਓ ਸਾਂਝੇ ਕੀਤੇ ਗਏ ਹਨ ਪਰ ਉਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ।

ਹਮਲੇ ਦੌਰਾਨ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਤੇ ਵੱਡੀ ਗਿਣਤੀ ਵਿਚ ਪੁਲਿਸ ਵਾਹਨ ਸੱਦ ਲਏ ਗਏ। ਪੁਲਿਸ ਨੇ ਹੈਲੀਕਾਪਟਰ ਜ਼ਰੀਏ ਵੀ ਮਾਮਲੇ 'ਤੇ ਨਜ਼ਰ ਰੱਖੀ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਟਵੀਟ ਕੀਤਾ, 'ਸਟ੍ਰੀਡਮ 'ਚ ਹੋਈ ਵਾਰਦਾਤ 'ਚ ਤੁਰੰਤ ਪ੍ਰਤੀਕਿਰਿਆ ਲਈ ਸਾਰੀਆਂ ਐਮਰਜੈਂਸੀ ਸੇਵਾਵਾਂ ਦਾ ਧੰਨਵਾਦ। ਪੁਲਿਸ ਨੇ ਇਸ ਨੂੰ ਅੱਤਵਾਦੀ ਹਮਲਾ ਐਲਾਨਿਆ ਹੈ। ਸਾਰਿਆਂ ਜ਼ਖ਼ਮੀਆਂ ਤੇ ਪ੍ਰਭਾਵਿਤਾਂ ਪ੍ਰਤੀ ਮੇਰੀ ਹਮਦਰਦੀ ਹੈ।' ਮੇਅਰ ਸਾਦਿਕ ਖ਼ਾਨ ਨੇ ਇਕ ਬਿਆਨ ਵਿਚ ਕਿਹਾ, ' ਅੱਤਵਾਦੀ ਸਾਨੂੰ ਵੰਡਣਾ ਤੇ ਸਾਡੀ ਜੀਵਨ ਸ਼ੈਲੀ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਲੰਡਨ ਵਿਚ ਅਸੀਂ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ।'

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਉਸਮਾਨ ਖ਼ਾਨ ਨਾਂ ਦੇ ਸਜ਼ਾਯਾਫ਼ਤਾ ਅੱਤਵਾਦੀ ਨੇ ਲੰਡਨ ਬਿ੍ਜ ਇਲਾਕੇ ਵਿਚ ਹਮਲਾ ਕਰ ਕੇ ਦੋ ਲੋਕਾਂ ਦੀ ਜਾਨ ਲੈ ਲਈ ਸੀ। ਹਾਲਾਂਕਿ ਬਾਅਦ ਵਿਚ ਪੁਲਿਸ ਨੇ ਉਸ ਨੂੰ ਹਲਾਕ ਕਰ ਦਿੱਤਾ ਸੀ।