ਲੰਡਨ : ਚੰਦਰਮਾ 'ਤੇ ਇਨਸਾਨ ਕਈ ਦਹਾਕੇ ਪਹਿਲਾਂ ਕਦਮ ਰੱਖ ਚੁੱਕਾ ਹੈ। ਮੰਗਲ 'ਤੇ ਵੀ ਕਈ ਮਾਨਵ ਰਹਿਤ ਮਿਸ਼ਨ ਭੇਜੇ ਜਾ ਚੁੱਕੇ ਹਨ। ਹੁਣ ਦੁਨੀਆ ਨੂੰ ਉਸ ਦਿਨ ਦਾ ਇੰਤਜ਼ਾਰ ਹੈ ਜਦੋਂ ਮੰਗਲ ਦੀ ਲਾਲ ਧਰਤਮੀ 'ਤੇ ਇਨਸਾਨ ਦੇ ਕਦਮ ਪੈਣਗੇ। ਹਾਲਾਂਕਿ ਇਹ ਹੁਣ ਦੂਰ ਦੀ ਕੌਡੀ ਨਹੀਂ ਪਰ ਇਕ ਸਾਬਕਾ ਪੁਲਾੜ ਯਾਤਰੀ ਨੇ ਮੰਗਲ 'ਤੇ ਮਾਨਵ ਮਿਸ਼ਨ ਨੂੰ ਬੇਵਕੂਫ਼ਾਨਾ ਕਰਾਰ ਦਿੱਤਾ ਹੈ।


ਚੰਦਰਮਾ ਦਾ ਚੱਕਰ ਲਗਾ ਚੁੱਕੇ ਪੁਲਾੜ ਯਾਤਰੀਆਂ 'ਚੋਂ ਇਕ ਬਿਲ ਐਂਡਰਸ ਦਾ ਕਹਿਣਾ ਹੈ ਕਿ ਮਨੁੱਖ ਨੂੰ ਮੰਗਲ 'ਤੇ ਭੇਜਣ ਦੀ ਯੋਜਨਾ 'ਬੇਵਕੂਫ਼ਾਨਾ' ਹੈ। 'ਬੀਬੀਸੀ ਰੇਡੀਓ 5 ਲਾਈਵ' 'ਤੇ ਗੱਲਬਾਤ ਦੌਰਾਨ ਅਪੋਲੋ 8 ਦੇ ਪਾਇਲਟ ਐਂਡਰਸ ਨੇ ਕਿਹਾ ਕਿ ਮਨੁੱਖਾਂ ਨੂੰ ਮੰਗਲ 'ਤੇ ਭੇਜਣਾ ਲਗਪਗ ਹਾਸੋਹੀਣਾ ਹੈ।


ਐਂਡਰਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਨਾਸਾ ਮੰਗਲ ਲਈ ਨਵੇਂ ਮਾਨਵ ਮਿਸ਼ਨ ਦੀ ਤਿਆਰੀ ਕਰ ਰਿਹਾ ਹੈ। ਐਂਡਰਸ ਦੇ ਬਿਆਨ 'ਤੇ ਨਾਸਾ ਤੋਂ ਪ੍ਰਤੀਕਿਰਿਆ ਮੰਗੀ ਗਈ ਪਰ ਨਾਸਾ ਵੱਲੋਂ ਹਾਲੇ ਇਸ ਦਾ ਕੋਈ ਜਵਾਬ ਨਹੀਂ ਆਇਆ ਹੈ।

ਐਂਡਰਸ (85) ਨੇ ਕਿਹਾ ਕਿ ਉਹ ਮਾਨਵ ਰਹਿਤ ਪੁਲਾੜ ਪ੍ਰੋਗਰਾਮਾਂ ਦੇ ਬਹੁਤ ਵੱਡੇ ਹਮਾਤੀ ਹਨ ਕਿਉਂਕਿ ਅਜਿਹੇ ਮਿਸ਼ਨ ਬਹੁਤ ਜ਼ਿਆਦਾ ਸਸਤੇ ਹੁੰਦੇ ਹਨ।