ਲੰਡਨ (ਏਪੀ) : ਬਰਤਾਨੀਆ ’ਚ ਮਹਾਰਾਣੀ ਐਲਿਜ਼ਾਬੈਥ ਦੋਇਮ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਸੋਮਵਾਰ (ਅੱਜ) ਹੋਣ ਵਾਲਾ ਇਹ ਪ੍ਰੋਗਰਾਮ ਸ਼ਾਇਦ ਪਿਛਲੇ 100 ਸਾਲਾਂ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੋਵੇਗਾ। ਇਸ ਵਿਚ 100 ਦੇਸ਼ਾਂ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਹਿੱਸਾ ਲੈਣਗੇ, ਦਰਜਨਾਂ ਛੋਟੇ ਦੇਸ਼ਾਂ ਦੇ ਪ੍ਰਤੀਨਿਧੀ ਵੀ ਹੋਣਗੇ। ਹਿੱਸਾ ਲੈਣ ਵਾਲੇ ਰਾਸ਼ਟਰ ਪ੍ਰਧਾਨਾਂ, ਸ਼ਾਸਨ ਕਰਨ ਵਾਲਿਆਂ ਤੇ ਹੋਰਨਾਂ ਪਤਵੰਤਿਆਂ ਦੀ ਕੁਲ ਗਿਣਤੀ ਦੋ ਹਜ਼ਾਰ ਹੋਵੇਗੀ। ਵੈਸਟਮਿੰਸਟਰ ਅਬੇ ’ਚ ਹੋਣ ਵਾਲੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਭਾਰਤ ਦੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਚੀਨ ਦੇ ਉਪ ਰਾਸ਼ਟਰਪਤੀ ਵਾਂਗ ਕਵੀਸ਼ਾਨ ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਲੰਡਨ ਪਹੁੰਚ ਚੁੱਕੇ ਹਨ। ਬਰਤਾਨੀਆ ਦੇ ਸਮੇਂ ਅਨੁਸਾਰ ਸੋਮਵਾਰ ਨੂੰ ਦਿਨ ਦੇ 11 ਵਜੇ ਸ਼ੁਰੂ ਹੋਣ ਵਾਲੇ ਅੰਤਿਮ ਸੰਸਕਾਰ ਪ੍ਰੋਗਰਾਮ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਪੂਰੀ ਦੁਨੀਆ ਦੇ ਨੇਤਾਵਾਂ ਦੀ ਰੱਖਿਆ ਤੇ ਲੰਡਨ ’ਚ ਇਕੱਤਰ ਹੋਣ ਵਾਲੀ ਭੀੜ ਦੇ ਮੱਦੇਨਜ਼ਰ ਸੁਰੱਖਿਆ ਫੋਰਸਾਂ ਦੀ ਵੱਡੀ ਮਾਤਰਾ ’ਚ ਤਾਇਨਾਤੀ ਕਰ ਦਿੱਤੀ ਗਈ ਹੈ। ਫੌਜਾਂ ਨੂੰ ਚੌਕਸ ਕਰਨ ਦੇ ਨਾਲ ਹੀ ਤਿੰਨਾਂ ਫੌਜਾਂ ਦੇ 5649 ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਵੱਖ ਵੱਖ ਕੰਮਾਂ ਲਈ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਸ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮੱਧ ਲੰਡਨ ਜਿਥੇ ਵੈਸਟ ਮਿੰਸਟਰ ਅਬੇ, ਬਕਿੰਘਮ ਪੈਲੇਸ ਤੇ ਬ੍ਰਿਟਿਸ਼ ਸੰਸਦ ਹੈ, ਉਥੇ ਭੀੜ ਨੂੰ ਕਾਬੂ ’ਚ ਰੱਖਣ ਲਈ 36 ਵਰਗ ਕਿਲੋਮੀਟਰ ਇਲਾਕੇ ’ਚ ਪੁਖਤਾ ਬੈਰੀਕੇਡਿੰਗ ਕੀਤੀ ਗਈ ਹੈ। ਅੰਦਾਜ਼ਾ ਹੈ ਕਿ ਮਹਾਰਾਣੀ ਨੂੰ ਅੰਤਿਮ ਵਿਦਾਇਗੀ ਦੇਣ ਲਈ ਲੰਡਨ ਤੋਂ ਇਲਾਵਾ ਪੂਰੀ ਦੁਨੀਆ ਤੋਂ ਦਸ ਲੱਖ ਲੋਕਾਂ ਦੇ ਪਹੁੰਚਣਗੇ। ਉਨ੍ਹਾਂ ਲਈ 250 ਤੋਂ ਵੱਧ ਖਾਸ ਰੇਲ ਗੱਡੀਆਂ ਚਲਾਈਆਂ ਗਈਆਂ ਹਨ। ਲੰਡਨ ਦੇ ਤੇ ਇਥੇ ਪਹਿਲਾਂ ਤੋਂ ਹੀ ਮੌਜੂਦ ਲੱਖਾਂ ਲੋਕਾਂ ਦੀ ਗਿਣਤੀ ਇਸ ਤੋਂ ਵੱਖ ਹੋਵੇਗੀ। ਅੰਤਿਮ ਸੰਸਕਾਰ ਦੇ ਸਿੱਧੇ ਪ੍ਰਸਾਰਣ ਲਈ ਲੰਡਨ ਤੇ ਉਸਦੇ ਆਸਪਾਸ ਦੇ ਇਲਾਕਿਆਂ ਦੇ 125 ਫਿਲਮ ਥੀਏਟਰਾਂ ’ਚ ਵਿਵਸਥਾ ਕੀਤੀ ਗਈ ਹੈ।

ਐਤਵਾਰ ਨੂੰ ਮਰਹੂਮ ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਲਈ ਮੁਡ਼ ਆਮ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਰਕਾਰ ਦੀ ਅਪੀਲ ਤੇ ਪ੍ਰਸ਼ਾਸਨ ਦੇ ਰੋਕੇ ਜਾਣ ਦੇ ਬਾਵਜੂਦ ਕਈ ਹਜ਼ਾਰ ਲੋਕ ਲਾਈਨਾਂ ’ਚ ਲੱਗ ਗਏ ਹਨ।

Posted By: Sandip Kaur