ਲੰਡਨ (ਪੀਟੀਆਈ) : ਲੰਡਨ 'ਚ ਖੇਡ ਦੇ ਮੈਦਾਨ 'ਤੇ ਅੱਤਵਾਦੀ ਕਹੇ ਜਾਣ 'ਤੇ ਇਕ 10 ਸਾਲਾ ਸਿੱਖ ਸਕੂਲੀ ਵਿਦਿਆਰਥਣ ਮੁਨਸਿਮਰ ਕੌਰ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਲੋਕਾਂ ਨੂੰ ਜਵਾਬ ਦਿੱਤਾ ਹੈ। ਇਸ ਵਿਚ ਉਸ ਨੇ ਕਿਹਾ ਹੈ ਕਿ ਨਸਲਵਾਦ ਤੋਂ ਬਚਣ ਲਈ ਸਿੱਖ ਭਾਈਚਾਰੇ ਬਾਰੇ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ।

ਮੁਨਸਿਰ ਦੇ ਪਿਤਾ ਵੱਲੋਂ ਟਵਿਟਰ 'ਤੇ ਪੋਸਟ ਇਸ ਵੀਡੀਓ ਨੂੰ ਹੁਣ ਤਕ 47 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਦਸਤਾਰ ਸਜਾਉਣ ਵਾਲੀ ਇਸ ਬੱਚੀ ਨੇ ਦੱਖਣੀ-ਪੂਰਬ ਲੰਡਨ 'ਚ ਪਲਮਸਟਿਡ ਪਲੇਗ੍ਰਾਊਂਡ 'ਤੇ ਆਪਣੇ ਨਾਲ ਹੋਈ ਘਟਨਾ ਦਾ ਵੇਰਵਾ ਦਿੰਦੇ ਹੋਏ ਕਿਹਾ, 'ਸੋਮਵਾਰ ਤੇ ਮੰਗਲਵਾਰ ਨੂੰ ਪਾਰਕ 'ਚ ਚਾਰ ਬੱਚਿਆਂ ਅਤੇ ਇਕ ਬੱਚੀ ਦੀ ਮਾਂ ਨੇ ਮੇਰੇ ਨਾਲ ਚੰਗਾ ਵਿਵਹਾਰ ਨਹੀਂ ਕੀਤਾ।' ਮੁਨਸਿਮਰ ਨੇ ਕਿਹਾ, 'ਸੋਮਵਾਰ ਨੂੰ 14 ਤੋਂ 17 ਸਾਲ ਦੇ ਦੋ ਲੜਕਿਆਂ ਅਤੇ ਦੋ ਲੜਕੀਆਂ ਨੂੰ ਮੈਂ ਉਹ ਖੇਡ ਖੇਡਣ ਲਈ ਪੁੱਛਿਆ ਜਿਹੜੀ ਉਹ ਖੇਡ ਰਹੇ ਸਨ, ਪਰ ਉਨ੍ਹਾਂ ਸਾਫ਼ ਕਿਹਾ ਕਿ ਨਹੀਂ ਤੁਸੀਂ ਨਹੀਂ ਖੇਡ ਸਕਦੇ ਕਿਉਂਕਿ ਤੁਸੀਂ ਅੱਤਵਾਦੀ ਹੋ।' ਮੁਨਸਿਮਰ ਨੇ ਕਿਹਾ ਕਿ ਇਨ੍ਹਾਂ ਸ਼ਬਦਾਂ ਨੇ ਉਸ ਦਾ ਦਿਲ ਤੋੜ ਦਿੱਤਾ, ਪਰ ਉਹ ਸਨਮਾਨ ਨਾਲ ਉੱਥੋਂ ਚਲੇ ਗਈ। ਅਗਲੇ ਦਿਨ ਉਹ ਮੁੜ ਉਸੇ ਪਲੇਗ੍ਰਾਊਂਡ 'ਚ ਗਈ ਅਤੇ ਇਕ ਨੌਂ ਸਾਲ ਦੀ ਲੜਕੀ ਨਾਲ ਦੋਸਤੀ ਕਰ ਲਈ। ਉਸ ਨੇ ਅੱਗੇ ਦੱਸਿਆ, 'ਇਕ ਘੰਟੇ ਬਾਅਦ ਉਸ ਦੀ ਮਾਂ ਨੇ ਉਸ ਨੂੰ ਬੁਲਾਇਆ ਤੇ ਕਿਹਾ ਕਿ ਉਹ ਮੇਰੇ ਨਾਲ ਨਹੀਂ ਖੇਡ ਸਕਦੀ ਕਿਉਂਕਿ ਮੈਂ ਖ਼ਤਰਨਾਕ ਦਿਸਦੀ ਹਾਂ। ਮੁਨਸਿਮਰ ਨੇ ਉਸ ਲੜਕੀ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਨੇ ਇਹ ਕਹਿ ਕੇ ਮਾਫ਼ੀ ਮੰਗ ਲਈ ਸੀ ਕਿ ਇਸ ਵਿਚ ਉਸ ਦੀ ਕੋਈ ਗ਼ਲਤੀ ਨਹੀਂ ਹੈ। ਉਸ ਦੇ ਇਸ ਵੀਡੀਓ ਸੰਦੇਸ਼ ਦਾ ਕਾਫ਼ੀ ਲੋਕਾਂ ਨੇ ਸਮਰਥਨ ਕੀਤਾ ਹੈ ਅਤੇ ਉਸ ਦੀ ਤਾਰੀਫ਼ ਕੀਤੀ ਹੈ।