ਲੰਡਨ (ਏਜੰਸੀ) : ਬਰਤਾਨੀਆ ਦੀ ਵਿਰੋਧੀ ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇਕਰ ਉਹ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ 'ਚ ਜਿੱਤੀ ਤਾਂ ਸਾਲ 2030 ਤਕ ਹਰ ਘਰ ਤੇ ਕਾਰੋਬਾਰ ਨੂੰ ਮੁਫ਼ਤ 'ਚ ਫੁੱਲ ਫਾਈਬਰ ਬ੍ਰਾਡਬੈਂਡ ਮੁਹੱਈਆ ਕਰਵਾਇਆ ਜਾਵੇਗਾ। ਇਸ ਯੋਜਨਾ ਨੂੰ ਅਮਲ 'ਚ ਲਿਆਉਣ ਲਈ ਲੰਡਨ ਦੀ ਬਹੁਰਾਸ਼ਟਰੀ ਦੂਰਸੰਚਾਰ ਕੰਪਨੀ ਬਿ੍ਟਿਸ਼ ਟੈਲੀਕਾਮ (ਬੀਟੀ) ਦੇ ਕੁਝ ਹਿੱਸੇ ਦਾ ਰਾਸ਼ਟਰੀਕਰਨ ਕੀਤਾ ਜਾਵੇਗਾ ਤੇ ਤਕਨੀਕੀ ਦਿੱਗਜ ਕੰਪਨੀਆਂ 'ਤੇ ਕੁਝ ਵਾਧੂ ਟੈਕਸ ਲਗਾਇਆ ਜਾਵੇਗਾ।

ਲੇਬਰ ਪਾਰਟੀ ਦੇ ਚਾਂਸਲਰ ਜੌਨ ਮੈਕਡਾਨੇਲ ਨੇ ਵੀਰਵਾਰ ਰਾਤ ਕਿਹਾ ਕਿ ਕਰੀਬ ਇਕ ਲੱਖ ਅੱਸੀ ਹਜ਼ਾਰ ਕਰੋੜ ਡਾਲਰ ਦਾ ਇਹ ਪ੍ਰਾਜੈਕਟ ਯਕੀਨੀ ਬਣਾਏਗਾ ਕਿ ਹਰੇਕ ਘਰ ਤੇ ਕਾਰੋਬਾਰੀ ਅਦਾਰੇ 'ਚ ਫੁਲ ਫਾਈਬਰ ਬ੍ਰਾਡਬੈਂਡ ਪੁੱਜੇ। ਬ੍ਰਾਡਬੈਂਡ ਨੂੰ ਬਿਹਤਰ ਬਣਾਉਣ ਲਈ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਮੌਜੂਦਾ ਨੀਤੀ ਹੀ ਕਾਫ਼ੀ ਪਿੱਛੇ ਰਹਿ ਜਾਵੇਗਾ। ਫਿਲਹਾਲ ਬਰਤਾਨੀਆ 'ਚ ਬ੍ਰਾਡਬੈਂਡ ਦੀ ਲਾਗਤ ਕਰੀਬ 30 ਪੌਂਡ (ਕਰੀਬ 2800 ਰੁਪਏ) ਪ੍ਰਤੀ ਮਹੀਨਾ ਹੈ, ਜਿਹੜੀ ਲੇਬਰ ਪਾਰਟੀ ਦੇ ਸ਼ਾਸਨਕਾਲ ਦੌਰਾਨ ਨਹੀਂ ਦੇਣੀ ਪਵੇਗੀ। ਇਸ ਸਾਲ ਦੀ ਸ਼ੁਰੂਆਤ 'ਚ ਆਈ ਦੂਰਸੰਚਾਰ ਰੈਗੂਲੇਟਰੀ ਆਫ ਕਾਮ ਦੀ ਰਿਪੋਰਟ ਮੁਤਾਬਕ, ਬਰਤਾਨੀਆ ਦੇ ਸਿਰਫ਼ ਸੱਤ ਫ਼ੀਸਦੀ ਲੋਕਾਂ ਕੋਲ ਪੂਰਨ ਫਾਈਬਰ ਬ੍ਰਾਡਬੈਂਡ ਹੈ। ਸਰਕਾਰ ਨੇ ਕਰੀਬ 16 ਹਜ਼ਾਰ ਕਰੋੜ ਰੁਪਏ ਦੀ ਲਾਗਤ ਤੋਂ 95 ਫ਼ੀਸਦੀ ਘਰਾਂ 'ਚ ਸੁਪਰਫਾਸਟ ਬ੍ਰਾਡਬੈਂਡ ਪਹੁੰਚਾਉਣ ਦੀ ਯੋਜਨਾ ਬਣਾਈ ਸੀ, ਪਰ ਫੁਲ ਫਾਈਬਰ ਬ੍ਰਾਡਬੈਂਡ ਦੇ ਮੁਕਾਬਲੇ ਇਸ ਦੀ ਰਫ਼ਤਾਰ ਕਾਫੀ ਘੱਟ ਹੋਣ ਦੀ ਇਸ ਯੋਜਨਾ ਨੂੰ ਝਟਕਾ ਲੱਗਿਆ ਹੈ।

ਆਮ ਲੋਕਾਂ 'ਤੇ ਪਵੇਗੀ ਟੈਕਸ ਦੀ ਮਾਰ : ਕੰਜ਼ਰਵੇਟਿਵ

ਲੇਬਰ ਪਾਰਟੀ ਦੇ ਐਲਾਨ 'ਤੇ ਸੱਤਾਧਾਰੀ ਕੰਜ਼ਰਵੇਟਿਵ ਨੇ ਇਸ ਯੋਜਨਾ ਬਾਰੇ ਕਿਹਾ ਹੈ ਕਿ ਇਸ ਨਾਲ ਆਮ ਲੋਕਾਂ 'ਤੇ ਟੈਕਸ ਦਾ ਬੋਝ ਵਧੇਗਾ। ਤਕਨੀਕੀ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਟੈੱਕਯੂਕੇ ਨੇ ਕਿਹਾ ਹੈ ਕਿ ਲੇਬਰ ਪਾਰਟੀ ਦੀ ਤਜਵੀਜ਼ ਟੈਲੀਕਾਮ ਸੈਕਟਰ ਨੂੰ ਬਰਬਾਦ ਕਰ ਦੇਵੇਗੀ। ਲਿਬਰਲ ਡੈਮੋਕ੍ਰੇਟਸ ਦਾ ਕਹਿਣਾ ਹੈ ਕਿ ਇਹ ਅਜਿਹੀ ਯੋਜਨਾ ਹੈ ਜਿਹੜੀ ਪੂਰੀ ਨਹੀਂ ਹੋ ਸਕਦੀ।