ਲੰਡਨ (ਏਜੰਸੀਆਂ) : ਬਰਤਾਨੀਆ 'ਚ ਕੋਰੋਨਾ ਮਹਾਮਾਰੀ 'ਚ ਕਮੀ ਆਉਣ 'ਤੇ ਲਾਕਡਾਊਨ ਨੂੰ ਖ਼ਤਮ ਕਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਚਾਰ ਜੁਲਾਈ ਤੋਂ ਪਾਬੰਦੀਆਂ 'ਚ ਢਿੱਲ ਦੇਣ ਦੀ ਤਿਆਰੀ 'ਚ ਹਨ। ਢਿੱਲ ਤਹਿਤ ਨਿਯਮਾਂ ਦੀ ਪਾਲਣਾ ਨਾਲ ਸਿਨਮੇ, ਮਿਊਜ਼ੀਅਮ, ਬਾਰ, ਪੱਬ ਤੇ ਰੈਸਟੋਰੈਂਟ ਮੁੜ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਯੂਰਪ 'ਚ ਬਰਤਾਨੀਆ ਕੋਰੋਨਾ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਰਿਹਾ ਹੈ। ਇਸ ਦੇਸ਼ 'ਚ ਹੁਣ ਤਕ ਕੁਲ ਤਿੰਨ ਲੱਖ ਪੰਜ ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਗਏ ਹਨ। 42 ਹਜ਼ਾਰ 600 ਤੋਂ ਜ਼ਿਆਦਾ ਦੀ ਜਾਨ ਗਈ ਹੈ। ਹਾਲਾਂਕਿ ਨਵੇਂ ਮਾਮਲਿਆਂ 'ਚ ਬੀਤੀ ਮਈ ਤੋਂ ਨਿਰੰਤਰ ਕਮੀ ਦੇਖੀ ਜਾ ਰਹੀ ਹੈ।

ਬਰਤਾਨੀਆ 'ਚ ਬੀਤੀ 23 ਮਾਰਚ ਤੋਂ ਕੋਰੋਨਾ ਮਹਾਮਾਰੀ ਦੀ ਰੋਕਥਾਮ ਦੀ ਕੋਸ਼ਿਸ਼ 'ਚ ਲਾਕਡਾਊਨ ਲਾਗੂ ਹੈ। ਤਿੰਨ ਮਹੀਨਿਆਂ ਬਾਅਦ ਪਾਬੰਦੀਆਂ ਤੋਂ ਮਿਲਣ ਵਾਲੀ ਰਾਹਤ ਤਹਿਤ ਇਨ੍ਹਾਂ ਸਥਾਨਾਂ 'ਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੰਮਕਾਜ ਕਰਨਾ ਪਵੇਗਾ। ਹਾਲਾਂਕਿ ਸਿਨਮੇ ਸਮੇਤ ਦੂਜੇ ਕਾਰੋਬਾਰਾਂ ਨੂੰ ਚਾਰ ਜੁਲਾਈ ਤੋਂ ਖੋਲ੍ਹਣ ਦੇ ਫ਼ੈਸਲੇ 'ਤੇ ਹਾਲੇ ਮੰਤਰੀ ਮੰਡਲ ਦੀ ਮੋਹਰ ਨਹੀਂ ਲੱਗੀ ਹੈ। ਫ਼ੈਸਲੇ 'ਤੇ ਮੰਤਰੀ ਮੰਡਲ ਦੀ ਮੋਹਰ ਲੱਗਣ ਤੋਂ ਬਾਅਦ ਜੌਨਸਨ ਪੱਬ, ਰੈਸਟੋਰੈਂਟ ਤੇ ਦੂਜੀਆਂ ਜਨਤਕ ਥਾਵਾਂ ਨੂੰ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ ਬਾਰੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਦੀ ਕਾਮਨਜ਼ ਨੂੰ ਵਿਸਥਾਰ ਨਾਲ ਜਾਣਕਾਰੀ ਦੇਣਗੇ। ਉਮੀਦ ਪ੍ਰਗਟਾਈ ਜਾ ਰਹੀ ਹੈ ਕਿ ਜੌਨਸਨ ਦੋ ਮੀਟਰ ਦੀ ਸਰੀਰਕ ਦੂਰੀ ਨੂੰ ਇਕ ਮੀਟਰ ਕਰਨ ਦੇ ਨਿਯਮ ਦੀ ਵੀ ਸੰਸਦ ਨੂੰ ਜਾਣਕਾਰੀ ਦੇਣਗੇ। ਨਾਲ ਹੀ ਦੂਜੇ ਉਪਾਵਾਂ ਦਾ ਵੇਰਵਾ ਵੀ ਪੇਸ਼ ਕਰਨਗੇ। ਸਰਕਾਰ ਦੇ ਕਈ ਮੰਤਰੀ ਤੇ ਸੇਵਾ ਖੇਤਰ ਦੋ ਮੀਟਰ ਦੂਰੀ ਦੇ ਨਿਯਮਾਂ 'ਚ ਢਿੱਲ ਦੇਣ 'ਤੇ ਜ਼ੋਰ ਦੇ ਰਹੇ ਹਨ। ਕਈ ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਨਿਯਮਾਂ ਤਹਿਤ ਕਾਰੋਬਾਰ ਕਰਨਾ ਸੰਭਵ ਨਹੀਂ ਹੋਵੇਗਾ।

ਅਮਰੀਕਾ 'ਚ ਮਿ੍ਤਕਾਂ ਦੀ ਗਿਣਤੀ ਇਕ ਲੱਖ 22 ਹਜ਼ਾਰ ਤੋਂ ਪਾਰ

ਕੋਰੋਨਾ ਮਹਾਮਾਰੀ ਨਾਲ ਅਮਰੀਕਾ 'ਚ ਮਰਨ ਵਾਲਿਆਂ ਦਾ ਅੰਕੜਾ ਇਕ ਲੱਖ 22 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਹੁਣ ਤਕ ਕੁਲ ਕਰੀਬ 23 ਲੱਖ 90 ਹਜ਼ਾਰ ਇਨਫੈਕਟਿਡ ਪਾਏ ਜਾ ਚੁੱਕੇ ਹਨ। ਜੌਨਸ ਹਾਪਕਿੰਸ ਯੂਨੀਵਰਸਿਟੀ ਦੇ ਡਾਟੇ ਅਨੁਸਾਰ, ਅਮਰੀਕਾ 'ਚ ਅਰਥਚਾਰੇ ਨੂੰ ਖੋਲ੍ਹੇ ਜਾਣ ਤੋਂ ਬਾਅਦ ਕੈਲੀਫੋਰਨੀਆ, ਟੈਕਸਾਸ, ਫਲੋਰੀਡਾ ਤੇ ਐਰੀਜ਼ੋਨਾ ਸਮੇਤ 23 ਸੂਬਿਆਂ 'ਚ ਨਵੇਂ ਮਾਮਲਿਆਂ 'ਚ ਉਛਾਲ ਦੇਖਿਆ ਜਾ ਰਿਹਾ ਹੈ। ਇਧਰ, ਓਕਲਾਹੋਮਾ ਸੂਬੇ 'ਚ ਟੁਲਸਾ 'ਚ ਹੋਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੈਲੀ ਨਾਲ ਜੁੜੇ ਦੋ ਲੋਕ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਟਰੰਪ ਦੀ ਪ੍ਰਚਾਰ ਮੁਹਿੰਮ ਦੇ ਛੇ ਮੈਂਬਰ ਪਹਿਲਾਂ ਹੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਮਾਸਕ ਪਾਉਣ ਦਾ ਆਦੇਸ਼

ਬ੍ਰਾਜ਼ੀਲ ਦੇ ਇਕ ਜੱਜ ਨੇ ਰਾਸ਼ਟਰਪਤੀ ਜਾਇਰ ਬੋਲਸਨਾਰੋ ਨੂੰ ਜਨਤਕ ਥਾਂ 'ਤੇ ਮਾਸਕ ਪਾਉਣ ਦਾ ਆਦੇਸ਼ ਦਿੱਤਾ ਹੈ। ਉਹ ਹਾਲ 'ਚ ਰਾਜਧਾਨੀ 'ਚ ਹੋਈ ਆਪਣੀ ਪਾਰਟੀ ਦੀਆਂ ਕਈ ਰੈਲੀਆਂ 'ਚ ਬਗ਼ੈਰ ਮਾਸਕ ਦੇ ਸ਼ਾਮਲ ਹੋਏ ਸਨ। ਸੰਘੀ ਜੱਜ ਰੈਨੇਟੋ ਬੋਰੇਲੀ ਨੇ ਕਿਹਾ ਜੇ ਬੋਲਸਨਾਰੋ ਆਦੇਸ਼ ਦੀ ਉਲੰਘਣਾ ਕਰਨਗੇ ਤਾਂ ਉਨ੍ਹਾਂ 'ਤੇ ਹਰੇਕ ਦਿਨ 387 ਡਾਲਰ (ਕਰੀਬ 29 ਹਜ਼ਾਰ ਰੁਪਏ) ਦਾ ਜੁਰਮਾਨਾ ਲੱਗੇਗਾ। ਦੁਨੀਆ 'ਚ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ 'ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਹਨ। ਇਸ ਲੈਟਿਨ ਅਮਰੀਕੀ ਦੇਸ਼ 'ਚ ਹੁਣ ਤਕ 11 ਲੱਖ 10 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਿਡ ਪਾਏ ਗਏ ਹਨ। 51 ਹਜ਼ਾਰ ਤੋਂ ਜ਼ਿਆਦਾ ਪੀੜਤਾਂ ਦੀ ਜਾਨ ਗਈ ਹੈ।

ਕਈ ਦੇਸ਼ਾਂ 'ਚ ਮਾਹਮਾਰੀ ਚੋਟੀ 'ਤੇ : ਡਬਲਯੂਐੱਚਓ

ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਕਿਹਾ ਕਿ ਦੁਨੀਆ ਦੇ ਕਈ ਵੱਡੇ ਦੇਸ਼ਾਂ 'ਚ ਕੋਰੋਨਾ ਮਾਹਮਾਰੀ ਚੋਟੀ 'ਤੇ ਪੁੱਜ ਗਈ ਹੈ। ਨਤੀਜੇ ਵਜੋਂ ਰੋਜ਼ਾਨਾ ਰਿਕਾਰਡ ਪੱਧਰ 'ਤੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸੰਯੁਕਤ ਰਾਸ਼ਟਰ ਦੀ ਇਸ ਸਿਹਤ ਏਜੰਸੀ ਦੇ ਹੰਗਾਮੀ ਮਾਮਲਿਆਂ ਦੇ ਪ੍ਰਮੁੱਖ ਡਾ. ਮਾਈਕਲ ਰਿਆਨ ਨੇ ਕਿਹਾ ਕਿ ਕਈ ਵੱਡੇ ਦੇਸ਼ਾਂ 'ਚ ਮਹਾਮਾਰੀ ਹੁਣ ਆਪਣੀ ਚੋਟੀ ਵੱਲ ਵੱਧ ਰਹੀ ਹੈ। ਅਮਰੀਕਾ ਨਾਲ ਹੀ ਦੱਖਣੀ ਏਸ਼ੀਆ ਤੇ ਅਫ਼ਰੀਕਾ ਦੇ ਕਈ ਦੇਸ਼ਾਂ 'ਚ ਯਕੀਨਨ ਮਾਮਲੇ ਵੱਧ ਰਹੇ ਹਨ।

-ਸ੍ਰੀਲੰਕਾ 'ਚ ਬੀਤੇ ਤਿੰਨ ਦਿਨਾਂ ਤੋਂ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ। ਕੁਲ ਕਰੀਬ ਦੋ ਹਜ਼ਾਰ ਇਨਫੈਕਟਿਡ ਪਾਏ ਗਏ ਹਨ

-ਚੀਨ 'ਚ 29 ਨਵੇਂ ਮਾਮਲਿਆਂ 'ਚੋਂ 13 ਬੀਜਿੰਗ 'ਚ ਮਿਲੇ ਹਨ, ਰਾਜਧਾਨੀ 'ਚ ਹੁਣ ਤਕ 30 ਲੱਖ ਲੋਕਾਂ ਦੀ ਜਾਂਚ ਹੋਈ

-ਜਰਮਨੀ ਦੇ ਰਾਇਲ ਵੈਸਟਫੇਲੀਆ ਸੂਬੇ 'ਚ ਇਕ ਬੁੱਚੜਖਾਨੇ 'ਚ 1,550 ਮਾਮਲੇ ਮਿਲਣ 'ਤੇ ਫਿਰ ਲਾਕਡਾਊਨ ਲਾ ਦਿੱਤਾ ਗਿਆ ਹੈ

-ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ 17 ਇਨਫੈਕਟਿਡ ਪਾਏ ਜਾਣ 'ਤੇ ਮੈਲਬੌਰਨ ਸ਼ਹਿਰ 'ਚ ਦੋ ਪ੍ਰਾਇਮਰੀ ਸਕੂਲ ਬੰਦ ਕੀਤੇ ਗਏ

-ਦੱਖਣੀ ਅਫ਼ਰੀਕਾ 'ਚ ਇਨਫੈਕਟਿਡ ਲੋਕਾਂ ਦਾ ਅੰਕੜਾ ਇਕ ਲੱਖ ਤੋਂ ਪਾਰ ਪੁੱਜਾ, ਕਈ ਸੂਬਿਆਂ 'ਚ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ

-ਕੈਨੇਡਾ 'ਚ ਟ੍ਰੇਨ ਯਾਤਰੀਆਂ ਲਈ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ। ਇਸ ਦੇਸ਼ 'ਚ ਇਕ ਲੱਖ ਤੋਂ ਜ਼ਿਆਦਾ ਮਾਮਲੇ ਹਨ

-ਤੁਰਕੀ 'ਚ ਇਕ ਲੱਖ 88 ਹਜ਼ਾਰ ਲੋਕ ਇਨਫੈਕਟਿਡ ਪਾਏ ਗਏ ਹਨ, ਮਾਸਕ ਨਾ ਪਾਉਣ 'ਤੇ ਕਰੀਬ 10 ਹਜ਼ਾਰ ਰੁਪਏ ਜੁਰਮਾਨਾ ਹੈ