ਲੰਡਨ (ਰਾਇਟਰ) : ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਮਰੀਕੀ ਔਰਤ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਦੇ ਦੋਸ਼ ਤੋਂ ਬੱਚ ਗਏ ਹਨ। ਇਸ ਲਈ ਉਨ੍ਹਾਂ ਖ਼ਿਲਾਫ਼ ਕੋਈ ਅਪਰਾਧਿਕ ਮੁਕੱਦਮਾ ਨਹੀਂ ਚੱਲੇਗਾ। ਹਾਂ, ਆਰੰਭਿਕ ਜਾਂਚ ਵਿਚ ਜੌਨਸਨ ਦੇ ਅਮਰੀਕੀ ਔਰਤ ਕਾਰੋਬਾਰੀ ਨਾਲ ਅਨੈਤਿਕ ਸਬੰਧਾਂ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਬਿ੍ਟੇਨ 'ਚ ਇਹ ਪ੍ਰਧਾਨ ਮੰਤਰੀ 'ਤੇ ਲੱਗੇ ਦੋਸ਼ਾਂ ਦੀ ਸੱਚਾਈ ਦੀ ਜਾਂਚ ਲਈ ਮੁਕੱਦਮਾ ਦਰਜ ਹੋਣ ਤੋਂ ਪਹਿਲੇ ਦੀ ਪ੍ਰਕਿਰਿਆ ਹੈ। ਜੌਨਸਨ ਫਿਲਹਾਲ ਇਸ ਵਿਚ ਪਾਕ-ਸਾਫ਼ ਨਿਕਲੇ ਹਨ।

ਬਿ੍ਟਿਸ਼ ਪੁਲਿਸ ਦੀ ਇਕ ਸੁਤੰਤਰ ਇਕਾਈ ਨੇ ਸਤੰਬਰ 2019 ਵਿਚ ਜੌਨਸਨ 'ਤੇ ਅਮਰੀਕੀ ਔਰਤ ਜੈਨੀਫਰ ਆਰਕਰੀ ਨੂੰ ਲਾਭ ਪਹੁੰਚਾਉਣ ਦੇ ਦੋਸ਼ ਦੀ ਜਾਂਚ ਸ਼ੁਰੂ ਕੀਤੀ ਸੀ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਲੰਡਨ ਦੇ ਮੇਅਰ ਹੁੰਦਿਆਂ ਜੌਨਸਨ ਨੇ 2013 ਅਤੇ 2014 ਵਿਚ ਜੈਨੀਫਰ ਨੂੰ ਹਜ਼ਾਰਾਂ ਪੌਂਡ ਦੀ ਰਕਮ ਦਾ ਨਾਜਾਇਜ਼ ਫ਼ਾਇਦਾ ਕਰਵਾਇਆ। ਜੈਨੀਫਰ ਦੇ ਸੰਗਠਨ ਨੂੰ ਕਈ ਕੰਮਾਂ ਦੇ ਗ਼ਲਤ ਢੰਗ ਨਾਲ ਠੇਕੇ ਦਿੱਤੇ ਗਏ। ਜੌਨਸਨ ਦੇ ਪ੍ਰਧਾਨ ਮੰਤਰੀ ਬਣਨ ਪਿੱਛੋਂ ਪ੍ਰਕਾਸ਼ਿਤ ਇਸ ਰਿਪੋਰਟ ਦੇ ਪ੍ਰਕਾਸ਼ਿਤ ਹੋਣ 'ਤੇ ਜੌਨਸਨ ਨੇ ਕੁਝ ਵੀ ਗ਼ਲਤ ਨਾ ਕਰਨ ਦੀ ਸਫ਼ਾਈ ਦਿੱਤੀ ਸੀ ਪ੍ਰੰਤੂ ਵਿਰੋਧੀ ਧਿਰ ਦੀ ਮੰਗ 'ਤੇ ਪੁਲਿਸ ਦੀ ਸੁਤੰਤਰ ਇਕਾਈ ਨੇ ਜਾਂਚ ਸ਼ੁਰੂ ਕੀਤੀ ਸੀ।

ਪੁਲਿਸ ਇਕਾਈ ਦੇ ਡਾਇਰੈਕਟਰ ਜਨਰਲ ਮਾਈਕਲ ਲਾਕਵੁੱਡ ਨੇ ਦੱਸਿਆ ਹੈ ਕਿ ਜੈਨੀਫਰ ਨੂੰ ਨਾਜਾਇਜ਼ ਫ਼ਾਇਦਾ ਪਹੁੰਚਾਉਣ ਦੇ ਜੌਨਸਨ ਦੇ ਖ਼ਿਲਾਫ਼ ਕੋਈ ਸਬੂਤ ਨਹੀਂ ਮਿਲੇ ਹਨ ਪ੍ਰੰਤੂ ਜੌਨਸਨ ਅਤੇ ਜੈਨੀਫਰ ਵਿਚਕਾਰ ਨਜ਼ਦੀਕੀ ਸਬੰਧ ਹੋਣ ਦੇ ਸਬੂਤ ਮਿਲੇ ਹਨ ਜਿਨ੍ਹਾਂ ਦਾ ਲਾਭ ਅਮਰੀਕੀ ਔਰਤ ਨੂੰ ਸਰਕਾਰੀ ਕੰਮ ਵਿਚ ਠੇਕੇ ਮਿਲਣ ਵਿਚ ਹੋ ਸਕਦਾ ਹੈ। ਕੰਮਾਂ ਦੇ ਠੇਕੇ ਦੇਣ ਦੇ ਫ਼ੈਸਲੇ ਲੰਡਨ ਮਿਊਂਸਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਲਏ ਸਨ। ਜੌਨਸਨ ਦੇ ਬੁਲਾਰੇ ਨੇ ਜਾਂਚ ਦੇ ਸਿੱਟਿਆਂ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਤੋਂ ਪ੍ਰਰੇਰਿਤ ਦੋਸ਼ਾਂ ਵਿਚ ਕੋਈ ਸੱਚਾਈ ਨਹੀਂ ਸੀ, ਪੁਲਿਸ ਜਾਂਚ ਵਿਚ ਇਹ ਗੱਲ ਸਾਬਿਤ ਵੀ ਹੋ ਗਈ। ਇਸ ਝੂਠੇ ਦੋਸ਼ ਨਾਲ ਕੇਵਲ ਸਰਕਾਰੀ ਏਜੰਸੀ ਦਾ ਸਮਾਂ ਨਸ਼ਟ ਹੋਇਆ ਅਤੇ ਕੁਝ ਨਹੀਂ ਮਿਲਿਆ।