ਲੰਡਨ (ਏਜੰਸੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਸੰਸਦ 'ਚ ਇਕ ਹੋਰ ਬਿੱਲ ਪੇਸ਼ ਕਰ ਕੇ 12 ਦਸੰਬਰ ਤਕ ਆਮ ਚੋਣਾਂ ਕਰਵਾਉਣ ਦੀ ਚੌਥੀ ਵਾਰ ਕੋਸ਼ਿਸ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਯੂਰਪੀ ਯੂਨੀਅਨ ਵੱਲੋਂ ਬ੍ਰੈਗਜ਼ਿਟ ਦੀ ਮਿਆਦ ਨੂੰ 31 ਜਨਵਰੀ ਤਕ ਵਧਾਏ ਜਾਣ ਤੋਂ ਬਾਅਦ ਜੌਨਸਨ ਦੀ ਇਸ ਤਰ੍ਹਾਂ ਦੀ (ਛੇਤੀ ਚੋਣ ਕਰਵਾਉਣ ਦੀ) ਇਕ ਕੋਸ਼ਿਸ ਸੰਸਦ ਮੈਂਬਰਾਂ ਨੇ ਇਕ ਦਿਨ ਪਹਿਲਾਂ ਹੀ ਖਾਰਜ ਕਰ ਦਿੱਤੀ ਸੀ। ਯੂਰਪੀ ਯੂਨੀਅਨ ਤੋਂ ਬਰਤਾਨੀਆ ਨੂੰ 31 ਅਕਤੂਬਰ ਤਕ ਬਾਹਰ ਕੱਢਣ ਲਈ ਜੌਨਸਨ ਦੇ ਕਰੋ ਜਾਂ ਮਰੋ ਸੰਕਲਪ ਦੇ ਨਾਕਾਮ ਹੋਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਹਾਊਸ ਆਫ ਕਾਮਨਸ (ਬਰਤਾਨਵੀ ਸੰਸਦ ਦੇ ਹੇਠਲੇ ਸਦਨ) ਤੋਂ ਮੱਧ ਕਾਲੀ ਚੋਣਾਂ ਦਾ ਬਿੱਲ ਪਾਸ ਕਰਵਾ ਲੈਣ ਦੀ ਉਮੀਦ ਹੈ।

ਤਿੰਨ ਕੋਸ਼ਿਸ਼ਾਂ 'ਚ ਨਾਕਾਮ ਰਹਿਣ ਤੋਂ ਬਾਅਦ ਜੌਨਸਨ ਨੂੰ ਕਿਤੇ ਵਧੇਰੇ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸੰਸਦ ਦੇ ਸਿਰਫ਼ ਆਮ ਬਹੁਮਤ ਦੀ ਲੋੜ ਹੈ। ਵਿਰੋਧੀ ਲੇਬਰ ਪਾਰਟੀ ਨੇ ਕਿਹਾ ਹੈ ਕਿ ਉਹ ਦਸੰਬਰ 'ਚ ਚੋਣਾਂ ਕਰਵਾਉਣ ਦਾ ਸਮਰਥਨ ਕਰੇਗੀ।

ਸੋਮਵਾਰ ਨੂੰ ਮਤਦਾਨ 'ਚ ਕਾਮਯਾਬੀ ਨਾ ਮਿਲਣ 'ਤੇ ਹੇਠਲੇ ਸਦਨ ਨੂੰ ਜੌਨਸਨ ਨੇ ਕਿਹਾ ਸੀ ਕਿ ਅਸੀਂ ਇਸ ਸਥਿਤੀ ਨੂੰ ਜਾਰੀ ਨਹੀਂ ਰਹਿਣ ਦਿਆਂਗੇ ਤੇ ਕਿਸੇ ਨਾਲ ਕਿਸੇ ਰਸਤੇ ਅਸੀਂ ਚੋਣਾਂ ਵੱਲ ਵਧਾਂਗੇ। ਉਨ੍ਹਾਂ ਕਿਹਾ ਕਿ ਸਰਕਾਰ 12 ਦਸੰਬਰ ਨੂੰ ਚੋਣਾਂ ਕਰਵਾਉਣ ਲਈ ਕਿ ਬਿੱਲ ਪੇਸ਼ ਕਰਨ ਦਾ ਨੋਟਿਸ ਦੇਵੇਗੀ ਤਾਂ ਜੋ ਅਸੀਂ ਆਖ਼ਰਕਾਰ ਬ੍ਰੈਗਜ਼ਿਟ ਨੂੰ ਪੂਰਾ ਕਰ ਸਕੀਏ।

ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਯਨ ਨੇ ਆਪਣੇ ਸ਼ੈਡੋ ਕੈਬਨਿਟ ਨੂੰ ਕਿਹਾ ਹੈ ਕਿ ਮੈਂ ਲਗਾਤਾਰ ਕਿਹਾ ਹੈ ਕਿ ਅਸੀਂ ਚੋਣਾਂ ਲਈ ਤਿਆਰ ਹਾਂ। ਅਸੀਂ ਹੁਣ ਈਯੂ ਤੋਂ ਸੁਣਿਆ ਹੈ ਕਿ ਧਾਰਾ 50 ਨੂੰ 31 ਜਨਵਰੀ ਤਕ ਵਿਸਥਾਰ ਦਿੱਤਾ ਗਿਆ ਹੈ। ਇਸ ਲਈ ਨੋ-ਡੀਲ ਨੂੰ ਕੇਂਦਰ ਤੋਂ ਬਾਹਰ ਰੱਖਣ ਦੀ ਸਾਡੀ ਸ਼ਰਤ ਪੂਰੀ ਹੋ ਚੁੱਕੀ ਹੈ।

ਬ੍ਰੈਗਜ਼ਿਟ ਸਿੱਕੇ ਗਲਾ ਦੇਵੇਗਾ ਬਰਤਾਨੀਆ

ਬਰਤਾਨੀਆ ਦੇ ਰਾਇਲ ਮਿੰਟ ਨੇ 31 ਅਕਤੂਬਰ ਤੋਂ ਯੂਰਪੀ ਯੂਨੀਅਨ ਤੋਂ ਵਿਦਾਈ ਤੋਂ ਬਾਅਦ ਜਾਰੀ ਹੋਣ ਵਾਲੇ ਯਾਦਗਾਰੀ ਸਿੱਕੇ ਗਲਾਉਣ ਦੀ ਯੋਜਨਾ ਬਣਾਈ ਹੈ। ਇਸ ਦਾ ਕਾਰਨ ਇਹ ਹੈ ਕਿ ਈਯੂ ਤੋਂ ਬਾਹਰ ਨਿਕਲਣ ਦੀ ਮਿਆਦ ਤੋਂ ਬਾਅਦ ਤਿੰਨ ਮਹੀਨੇ ਵਧਾ ਦਿੱਤੀ ਗਈ ਹੈ। ਬਰਤਾਨਵੀ ਖਜ਼ਾਨੇ ਦੇ ਬੁਲਾਰੇ ਨੇ ਕਿਹਾ ਕਿ ਯੂਰਪੀ ਯੂਨੀਅਨ ਤੋਂ ਵਿਦਾਈ ਤੋਂ ਬਾਅਦ ਇਹ ਸਿੱਕੇ ਚਲਾਏ ਜਾਣਗੇ।