Lockdown in UK : ਲੰਡਨ, ਏਜੰਸੀ : ਕੋਰੋਨਾ ਵਾਇਰਸ ਦੇ ਨਵੇਂ ਰੂਪ ਨੇ ਬ੍ਰਿਟੇਨ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ (UK PM Boris Johnson) ਨੇ ਕੈਬਨਿਟ ਦੀ ਐਮਰਜੈਂਸੀ ਬੈਠਕ ਤੋਂ ਬਾਅਦ ਦੇਸ਼ ਵਿਚ ਨਵੇਂ ਲਾਕਡਾਊਨ ਦਾ ਐਲਾਨ ਕੀਤਾ ਹੈ। ਦੇਸ਼ ਵਿਚ ਕ੍ਰਿਸਮਸ ਦੌਰਾਨ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖ਼ਤਰੇ ਨੂੰ ਦੇਖਦੇ ਹੋਏ ਦੇਸ਼ ਵਿਚ ਦੁਬਾਰਾ ਲਾਕਡਾਊਨ ਲਗਾਇਆ ਗਿਆ ਹੈ। ਮਾਰਚ ਵਿਚ ਕੋਰੋਨਾ ਵਾਇਰਸ ਦੇ ਪਸਾਰ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਦੇਸ਼ ਵਿਚ ਦੁਬਾਰਾ ਲਾਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਜੌਨਸਨ ਨੇ ਕੈਬਨਿਟ ਬੈਠਕ ਤੋਂ ਬਾਅਦ ਕਿਹਾ ਕਿ ਇੰਗਲੈਡ 'ਚ ਕਈ ਹਫ਼ਤੇ ਪਹਿਲਾਂ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਸਬੂਤ ਮਿਲਣ ਤੋਂ ਬਾਅਦ ਸਖ਼ਤ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਬ੍ਰਿਟੇਨ ਸਰਕਾਰ ਦੇ ਮੈਡੀਕਲ ਮਾਹਿਰਾਂ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਪਸਾਰ 'ਤੇ ਚਿੰਤਾ ਪ੍ਰਗਟਾਈ ਸੀ ਤੇ ਇਸ ਨੂੰ ਖ਼ਤਰੇ ਦੀ ਘੰਟੀ ਦੱਸਿਆ। ਬ੍ਰਿਟੇਨ 'ਚ ਨਵੇਂ ਵੇਰੀਐਂਟ ਕਾਰਨ ਮੌਤਾਂ 'ਚ 20 ਫ਼ੀਸਦੀ ਦਾ ਇਜ਼ਾਫ਼ਾ ਹੋਇਆ ਹੈ।

ਪ੍ਰਧਾਨ ਮੰਤਰੀ ਜੌਨਸਨ ਨੇ ਦੱਸਿਆ Lockdown ਦਾ ਰੋਡਮੈਪ

  • ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਹੈ ਕਿ ਵਾਇਰਸ ਨੇ ਆਪਣੇ ਹਮਲੇ ਦਾ ਤਰੀਕ ਬਦਲ ਦਿੱਤਾ ਹੈ, ਅਜਿਹੇ ਵਿਚ ਸਾਨੂੰ ਵੀ ਸਜਗ ਤੇ ਚੌਕਸ ਹੋ ਜਾਣਾ ਚਾਹੀਦਾ ਹੈ। ਇਸ ਨਾਲ ਨਜਿੱਠਣ ਲਈ ਸਾਨੂੰ ਆਪਣੀ ਰੱਖਿਆ ਪ੍ਰਣਾਲੀ 'ਚ ਬਦਲਾਅ ਦੀ ਜ਼ਰੂਰਤ ਹੈ।
  • ਉਨ੍ਹਾਂ ਕਿਹਾ ਕਿ ਸਾਡੇ ਕੋਲ ਇਸ ਗੱਲ ਦੀ ਪੁਖ਼ਤਾ ਜਾਣਕਾਰੀ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਦੇਸ਼ ਵਿਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੰਡਨ 'ਚ ਨਵੇਂ ਵੇਰੀਐਂਟ ਦੀ ਗ੍ਰਿਫ਼ਤ 'ਚ 60 ਫ਼ੀਸਦੀ ਤੋਂ ਜ਼ਿਆਦਾ ਲੋਕ ਆ ਚੁੱਕੇ ਹਨ।
  • ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਕਿ ਕਰੀਬ 5.6 ਕਰੋੜ ਲੋਕ ਲਾਕਡਾਊਨ 'ਚ ਮੁੜ ਵਾਪਸੀ ਕਰਨਗੇ। ਦੇਸ਼ ਵਿਚ ਲਾਗੂ ਨਵਾਂ ਲਾਕਡਾਊਨ ਸ਼ਾਇਦ ਫਰਵਰੀ ਦੇ ਅੱਧ ਤਕ ਲਾਗੂ ਰਹੇਗਾ।
  • ਦੇਸ਼ ਵਿਚ ਨਵੇਂ ਲਾਕਡਾਊਨ ਤਹਿਤ ਬੁੱਧਵਾਰ ਤੋਂ ਸਾਰੇ ਸਕੂਲ ਬੰਦ ਰਹਿਣਗੇ। ਜੌਨਸਨ ਨੇ ਕਿਹਾ ਕਿ ਇਹ ਲਾਕਡਾਊਨ ਪਿਛਲੇ ਲਾਕਡਾਊਨ ਵਾਂਗ ਹੀ ਹੋਵੇਗਾ ਜਿਹੜਾ ਮਾਰਚ ਦੇ ਅੰਤ ਤੋਂ ਲੈ ਕੇ ਜੂਨ ਤਕ ਲਗਾਇਆ ਗਿਆ ਸੀ।
  • ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਇਹ ਮੁਸ਼ਕਲ ਸਮਾਂ ਹੈ। ਦੇਸ਼ ਦੇ ਹਰ ਹਿੱਸੇ ਵਿਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਫਿਲਹਾਲ ਬ੍ਰਿਟੇਨ 'ਚ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਬੰਦ ਰਹਿਣਗੇ। ਆਨਲਾਈਨ ਕਲਾਸਾਂ ਹੀ ਲੱਗਣਗੀਆਂ।
  • ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣਾ ਪਵੇਗਾ ਤੇ ਸਿਰਫ਼ ਜ਼ਰੂਰੀ ਕੰਮ ਲਈ ਹੀ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮਸਲਨ ਜ਼ਰੂਰੀ ਸਾਮਾਨ ਲਿਆਉਣ ਲਈ ਲੋਕ ਘਰੋਂ ਨਿਕਲ ਸਕਦੇ ਹਨ। ਜੇਕਰ ਘਰੋਂ ਕੰਮ ਨਹੀਂ ਕਰ ਪਾ ਰਹੇ ਤਾਂ ਦਫ਼ਤਰ ਜਾ ਸਕਦੇ ਹਨ। ਸਾਰੀਆਂ ਗ਼ੈਰ-ਜ਼ਰੂਰੀ ਦੁਕਾਨਾਂ ਤੇ ਹੇਅਰਡ੍ਰੈਸਰ ਵਰਗੀਆਂ ਪਰਸਨਲ ਕੇਅਰ ਸਰਵਿਸ ਬੰਦ ਰਹਿਣਗੀਆਂ ਤੇ ਰੈਸਟੋਰੈਂਟ ਸਿਰਫ਼ ਟੇਕਆਊਟ ਸੇਵਾਵਾਂ ਮੁਹੱਈਆ ਕਰਵਾਉਣਗੇ।

ਕਈ ਦੇਸ਼ਾਂ 'ਚ ਪੁੱਜਾ ਨਵਾਂ ਸਟ੍ਰੇਨ

ਦੁਨੀਆ ਦੇ ਕਈ ਹੋਰ ਦੇਸ਼ਾਂ ਵਿਚ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪਹੁੰਚ ਗਿਆ ਹੈ। ਚੀਨ ਤੇ ਸਵੀਡਨ 'ਚ ਪਹਿਲੇ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਵੀ ਇਕ ਕੇਸ ਮਿਲਿਆ ਹੈ। ਇੱਥੋਂ ਦੇ ਸੇਨ ਡਿਏਗੋ 'ਚ ਇਕ 30 ਸਾਲਾ ਵਿਅਕਤੀ ਪੀੜਤ ਪਾਇਆ ਗਿਆ ਹੈ। ਦੂਜੇ ਪਾਸੇ, ਚੀਨੀ ਰੋਗ ਕੰਟਰੋਲ ਸੈਂਟਰ ਨੇ ਦੱਸਿਆ ਕਿ ਬ੍ਰਿਟੇਨ ਤੋਂ ਸ਼ੰਘਾਈ ਵਾਪਸ ਆਈ 23 ਸਾਲਾ ਇਕ ਵਿਦਿਆਰਥਣ ਨਵੇਂ ਸਟ੍ਰੇਨ ਨਾਲ ਇਨਫੈਕਟਿਡ ਪਾਈ ਗਈ। ਸਵੀਡਨ 'ਚ ਵੀ ਚਾਰ ਮਾਮਲਿਆਂ ਦੀ ਪਛਾਣ ਕੀਤੀ ਗਈ ਹੈ। ਬ੍ਰਿਟੇਨ 'ਚ ਬੀਤੀ ਦਸੰਬਰ 'ਚ ਵਾਇਰਸ ਦਾ ਨਵਾਂ ਸਟ੍ਰੇਨ ਮਿਲਿਆ ਸੀ। ਇੱਥੋਂ ਕਈ ਦੇਸ਼ਾਂ ਵਿਚ ਪਹੁੰਚ ਚੁੱਕਾ ਹੈ। ਇਹ 70 ਫ਼ੀਸਦੀ ਜ਼ਿਆਦਾ ਖ਼ਤਰਨਾਕ ਦੱਸਿਆ ਜਾ ਰਿਹਾ ਹੈ। ਅਫ਼ਰੀਕਾ ਦੇ ਕਈ ਦੇਸ਼ਾਂ ਵਿਚ ਇਹ ਖ਼ਤਰਨਾਕ ਰੂਪ ਅਖ਼ਤਿਆਰ ਚੁੱਕਾ ਹੈ। ਖ਼ਾਸਕਰ ਦੱਖਣੀ ਅਫ਼ਰੀਕਾ 'ਚ ਇਹ ਤੇਜ਼ੀ ਨਾਲ ਫੈਲ ਰਿਹਾ ਹੈ।

Posted By: Seema Anand