ਲੰਡਨ (ਪੀਟੀਆਈ) : ਕਸ਼ਮੀਰ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਬਣੀ ਤਣਾਅ ਦੀ ਸਥਿਤੀ ਨੂੰ ਖ਼ਤਮ ਕਰਨ ਲਈ ਅੰਤਰਰਾਸ਼ਟਰੀ ਬਰਾਦਰੀ ਸ਼ਾਂਤੀ ਦੀ ਭੂਮਿਕਾ ਨਿਭਾ ਸਕਦੀ ਹੈ। ਭਾਰਤ ਅਤੇ ਪਾਕਿਸਤਾਨ ਆਪਸ ਵਿਚ ਵਾਰਤਾ ਕਰਕੇ ਵੀ ਤਣਾਅ ਨੂੰ ਖ਼ਤਮ ਕਰ ਸਕਦੇ ਹਨ। ਇਹ ਗੱਲ ਵੀਰਵਾਰ ਨੂੰ ਕਰਵਾਈ ਮਹੱਤਵਪੂਰਣ ਸਮੂਹਿਕ ਚਰਚਾ 'ਚ ਬੁਲਾਰਿਆਂ ਨੇ ਕਹੀ।

ਥੈਰੇਸਾ ਮੇ ਅਤੇ ਡੇਵਿਡ ਜਾਨਸਨ ਦੇ ਪ੍ਰਧਾਨ ਮੰਤਰੀ ਕਾਲ ਵਿਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਹੇ ਸਰ ਮਾਰਕ ਲਿਆਲ ਗ੍ਰਾਂਟ ਨੇ ਕਿਹਾ ਕਿ 2001 ਵਿਚ ਤੱਤਕਾਲੀ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਸਮਝੌਤੇ ਦੇ ਕਾਫ਼ੀ ਕਰੀਬ ਪੁੱਜ ਗਏ ਸਨ ਪ੍ਰੰਤੂ ਕੁਝ ਅਜਿਹੇ ਹਾਲਾਤ ਬਣ ਗਏ ਕਿ ਸਮਝੌਤਾ ਨਹੀਂ ਹੋ ਸਕਿਆ ਸੀ। ਉਸ ਸਮੇਂ ਮਹੱਤਵਪੂਰਣ ਮੌਕਾ ਗੁਆ ਦਿੱਤਾ ਗਿਆ ਸੀ। ਸਿਆਸੀ ਹਾਲਾਤ ਹਮੇਸ਼ਾ ਇਕੋ ਜਿਹੇ ਰਹਿੰਦੇ ਹਨ ਪ੍ਰੰਤੂ ਸਮੱਸਿਆ ਦਾ ਹੱਲ ਹਮੇਸ਼ਾ ਸਮਾਨ ਸਥਿਤੀਆਂ ਵਿਚ ਰਹਿੰਦਾ ਹੈ। ਕਸ਼ਮੀਰ ਵਿਚ ਸਰਹੱਦ ਦੇ ਦੋਵੇਂ ਪਾਸਿਉਂ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਦੇ ਕੇ ਸਮੱਸਿਆ ਦਾ ਸ਼ਾਂਤੀਪੂਰਣ ਹੱਲ ਕੱਢਿਆ ਜਾ ਸਕਦਾ ਹੈ।

'ਕਸ਼ਮੀਰ ਸਮੱਸਿਆ ਸੁਲਝਾਉਣ ਵਿਚ ਬਿ੍ਟੇਨ ਦੀ ਭੂਮਿਕਾ' ਵਿਸ਼ੇ 'ਤੇ ਕਰਵਾਈ ਸਮੂਹਿਕ ਚਰਚਾ 'ਚ ਭਾਰਤੀ, ਪਾਕਿਸਤਾਨੀ ਅਤੇ ਬਰਤਾਨੀਆ ਦੇ ਮਾਹਿਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਇਸ ਦੌਰਾਨ ਜੰਮੂ-ਕਸ਼ਮੀਰ ਤੋਂ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਏ ਜਾਣ 'ਤੇ ਵੀ ਗਰਮਾ ਗਰਮ ਚਰਚਾ ਹੋਈ। ਸੰਯੁਕਤ ਰਾਸ਼ਟਰ ਵਿਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਰਹੀ ਮਲੀਹਾ ਲੋਧੀ ਨੇ ਕਿਹਾ ਕਿ ਕੋਈ ਵੀ ਨਹੀਂ ਚਾਹੁੰਦਾ ਕਿ ਖੇਤਰ ਵਿਚ ਫਿਰ ਤੋਂ ਤਣਾਅ ਵਧੇ ਅਤੇ ਜੰਗ ਦੇ ਹਾਲਾਤ ਪੈਦਾ ਹੋਣ। ਇਸ ਲਈ ਕੌਮਾਂਤਰੀ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਏ ਅਤੇ ਦੋਵਾਂ ਦੇਸ਼ਾਂ ਨੂੰ ਟਕਰਾਅ ਤੋਂ ਬਚਾਉਣ ਲਈ ਭੂਮਿਕਾ ਅਦਾ ਕਰੇ ਪ੍ਰੰਤੂ ਭਾਰਤ ਨੇ ਸਾਫ਼ ਕਰ ਦਿੱਤਾ ਕਿ ਕਸ਼ਮੀਰ ਮਸਲਾ ਭਾਰਤ ਅਤੇ ਪਾਕਿਸਤਾਨ ਵਿਚਕਾਰ ਦੋ-ਪੱਖੀ ਮਾਮਲਾ ਹੈ। ਇਸ ਵਿਚ ਕਿਸੇ ਤੀਜੇ ਪੱਖ ਦੇ ਦਖ਼ਲ ਦੀ ਜ਼ਰੂਰਤ ਨਹੀਂ ਹੈ। ਭਾਰਤ ਪਾਕਿਸਤਾਨ ਨਾਲ ਕਿਸੇ ਵੀ ਮਸਲੇ 'ਤੇ ਗੱਲ ਕਰ ਸਕਦਾ ਹੈ ਪ੍ਰੰਤੂ ਉਸ ਤੋਂ ਪਹਿਲੇ ਪਾਕਿਸਤਾਨ ਨੂੰ ਸਰਹੱਦ ਪਾਰੋਂ ਅੱਤਵਾਦੀ ਭੇਜਣੇ ਬੰਦ ਕਰਨੇ ਹੋਣਗੇ ਜੋ ਜੰਮੂ-ਕਸ਼ਮੀਰ ਵਿਚ ਆ ਕੇ ਹਮਲੇ ਕਰਦੇ ਹਨ ਅਤੇ ਨਿਰਦੋਸ਼ਾਂ ਦੀ ਜਾਨ ਲੈਂਦੇ ਹਨ। ਧਾਰਾ 370 ਨੂੰ ਹਟਾਉਣ ਦੇ ਕਦਮ ਨੂੰ ਭਾਰਤ ਨੇ ਆਪਣੇ ਖੇਤਰ ਵਿਚ ਲਏ ਗਏ ਫ਼ੈਸਲੇ ਵਜੋਂ ਪੇਸ਼ ਕੀਤਾ। ਕਿਹਾ, ਸੰਵਿਧਾਨ ਦੇ ਅਸਥਾਈ ਪ੍ਰਰਾਵਧਾਨ ਨੂੰ ਖ਼ਤਮ ਕਰਨ ਦਾ ਉਸ ਨੂੰ ਪੂਰਾ ਅਧਿਕਾਰ ਸੀ।