ਲੰਡਨ : ਅੱਤਵਾਦੀ ਜਮਾਤ ਅਲਕਾਇਦਾ ਨਿਊਯਾਰਕ ਵਿਚ ਟਵਿਨ ਟਾਵਰ 'ਤੇ ਕੀਤੇ ਗਏ ਹਮਲੇ ਵਰਗੀ ਘਟਨਾ ਦੁਹਰਾਉਣ ਦੀ ਸਾਜ਼ਿਸ਼ ਰਚ ਰਹੀ ਹੈ। ਬਰਤਾਨੀਆ ਦੇ ਸੁਰੱਖਿਆ ਮੰਤਰੀ ਨੇ ਇਕ ਦਿਨ ਪਹਿਲਾਂ ਐਤਵਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਇਹ ਜਮਾਤ ਹਵਾਈ ਅੱਡਾ ਤੇ ਜਹਾਜ਼ਾਂ 'ਤੇ ਵੱਡੇ ਹਮਲੇ ਨੂੰ ਅੰਜਾਮ ਦੇ ਸਕਦੀ ਹੈ। ਸੁਰੱਖਿਆ ਮੰਤਰੀ ਬੇਨ ਵਾਲੇਸ ਨੇ 'ਦਿ ਸੰਡੇ ਟਾਈਮਜ਼' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਰਲਡ ਟਰੇਡ ਸੈਂਟਰ 'ਤੇ 9/11 ਦੇ ਹਮਲੇ ਲਈ ਜ਼ਿੰਮੇਵਾਰ ਅਲਕਾਇਦਾ ਤੋਂ ਖ਼ਤਰਾ ਵਧ ਰਿਹਾ ਹੈ। ਇਸ ਕਾਰਨ ਮੰਤਰੀਆਂ ਦੀ ਨੀਂਦ ਉੱਡੀ ਪਈ ਹੈ। ਹਵਾਈ ਖ਼ਤਰਾ ਇਕ ਅਸਲੀਅਤ ਹੈ। ਬਿ੍ਰਟੇਨ ਦੀ ਖ਼ੁਫ਼ੀਆ ਏਜੰਸੀ ਨੇ ਖ਼ੁਲਾਸਾ ਕੀਤਾ ਹੈ ਕਿ ਅਲਕਾਇਦਾ ਨੇ ਯਾਤਰੀ ਜੈੱਟ ਨੂੰ ਡੇਗਣ ਦੀ ਤਕਨੀਕ ਵਿਕਸਤ ਕਰ ਲਈ ਹੈ। ਮੰਤਰੀ ਨੇ ਕਿਹਾ ਕਿ ਅਲਕਾਇਦਾ ਮੁੜ ਸੰਗਿਠਤ ਹੋ ਰਿਹਾ ਹੈ।