ਲੰਡਨ (ਪੀਟੀਆਈ) : ਬਰਤਾਨੀਆ ਦੀਆਂ ਚੋਣਾਂ ਵਿਚ ਇਸ ਵਾਰ ਭਾਰਤੀ ਮੂਲ ਦੇ ਉਮੀਦਵਾਰਾਂ ਦਾ ਪ੍ਰਦਰਸ਼ਨ ਜ਼ਬਰਦਸਤ ਰਹਿਣ ਦੀ ਉਮੀਦ ਹੈ। 2017 ਦੀਆਂ ਚੋਣਾਂ ਵਿਚ 12 ਭਾਰਤਵੰਸ਼ੀ ਸੰਸਦ ਪਹੁੰਚੇ ਸਨ। ਇਨ੍ਹਾਂ ਵਿਚੋਂ ਪਹਿਲੀ ਸਿੱਖ ਮਹਿਲਾ ਪ੍ਰੀਤ ਕੌਰ ਗਿੱਲ ਅਤੇ ਪਹਿਲੇ ਪਗੜੀਧਾਰੀ ਤਨਮਨਜੀਤ ਸਿੰਘ ਵਿਰੋਧੀ ਲੇਬਰ ਪਾਰਟੀ ਤੋਂ ਸੰਸਦ ਮੈਂਬਰ ਚੁਣੇ ਗਏ ਸਨ।

ਇਨ੍ਹਾਂ ਚੋਣ 'ਚ ਲੇਬਰ ਪਾਰਟੀ ਦੇ ਨਵੇਂਦੂ ਮਿਸ਼ਰਾ, ਕੰਜ਼ਰਵੇਟਿਵ ਪਾਰਟੀ ਦੇ ਗਗਨ ਮਹਿੰਦਰਾ ਅਤੇ ਗੋਆ ਮੂਲ ਦੇ ਕਲੇਅਰ ਕੂਟਿਨਹੋ ਆਪਣੀਆਂ-ਆਪਣੀਆਂ ਪਾਰਟੀਆਂ ਦੇ ਗੜ੍ਹਾਂ ਨੂੰ ਬਚਾਉਣ ਲਈ ਮੈਦਾਨ ਵਿਚ ਹਨ। ਬਿ੍ਟਿਸ਼ ਫਿਊਚਰ ਥਿੰਕ ਟੈਂਕ ਦੇ ਇਕ ਵਿਸ਼ਲੇਸ਼ਣ ਮੁਤਾਬਕ, ਅਗਲੀ ਸੰਸਦ ਲਈ ਵੱਖ-ਵੱਖ ਦੇਸ਼ਾਂ ਵਿਚ ਜਾਤੀ ਘੱਟ ਗਿਣਤੀਆਂ ਦੇ ਚੁਣੇ ਜਾਣ ਦੀ ਉਮੀਦ ਹੈ। ਕੰਜ਼ਰਵੇਟਿਵ ਪਾਰਟੀ ਦੀ ਪ੍ਰੀਤੀ ਪਟੇਲ, ਆਲੋਕ ਸ਼ਰਮਾ, ਰਿਸ਼ੀ ਸੁਨਕ, ਸ਼ੈਲੇਸ਼ ਵਾਰਾ ਅਤੇ ਸੁਏਲਾ ਬ੍ਰੇਵਰਮੈਨ ਦੇ ਫਿਰ ਤੋਂ ਚੁਣ ਕੇ ਆਉਣ ਦੀ ਉਮੀਦ ਹੈ। ਲੇਬਰ ਪਾਰਟੀ ਵੱਲੋਂ ਗਿੱਲ ਅਤੇ ਤਨਮਨਜੀਤ ਨੂੰ ਛੱਡ ਕੇ ਹੋਰ ਸਾਰੇ ਉਮੀਦਵਾਰ ਸੁਰੱਖਿਅਤ ਸੀਟਾਂ ਤੋਂ ਲੜ ਰਹੇ ਹਨ। ਇਨ੍ਹਾਂ ਵਿਚ ਸੈਕਸ ਸਕੈਂਡਲ ਵਿਚ ਨਾਂ ਆਉਣ ਤੋਂ ਬਾਅਦ ਅਸਤੀਫ਼ਾ ਦੇਣ ਵਾਲੇ ਕੀਥ ਵਾਜ ਦੀ ਭੈਣ ਵੈਲੇਰੀ ਵਾਜ, ਲੀਜ਼ਾ ਨੈਂਡੀ, ਸੀਮਾ ਮਲਹੋਤਰਾ ਅਤੇ ਵਰਿੰਦਰ ਸ਼ਰਮਾ ਸ਼ਾਮਲ ਹਨ।

ਬਿ੍ਟਿਸ਼ ਫਿਊਚਰ ਦੇ ਨਿਰਦੇਸ਼ਕ ਸੁੰਦਰ ਕਟਵਾਲਾ ਨੇ ਕਿਹਾ, ਇਹ ਵੀ ਸੰਭਵ ਹੈ ਕਿ ਹਰੇਕ 10 ਵਿਚੋਂ ਇਕ ਸੰਸਦ ਮੈਂਬਰ ਜਾਤੀ ਘੱਟ ਗਿਣਤੀ ਪਿੱਠਭੂਮੀ ਤੋਂ ਹੋਣ। ਇਕ ਦਹਾਕੇ ਪਹਿਲਾਂ ਇਹ ਅੰਕੜਾ 40 ਵਿਚੋਂ ਇਕ ਸੀ। ਚੋਣ ਲੜ ਰਹੇ ਹੋਰ ਭਾਰਤੀ ਉਮੀਦਵਾਰ ਮੁਸ਼ਕਲ ਲੜਾਈ ਵਿਚ ਫਸੇ ਹਨ। ਇਨ੍ਹਾਂ ਵਿਚ ਸਾਰਾ ਕੁਮਾਰ ਸ਼ਾਮਲ ਹੈ ਜਿਹੜੀ ਲੇਬਰ ਪਾਰਟੀ ਦੇ ਲੰਡਨ ਦੇ ਵੈਸਟ ਹੈਮ ਤੋਂ ਕਿਸਮਤ ਅਜ਼ਮਾ ਰਹੀ ਹੈ। ਇਹੀ ਹਾਲ ਕੰਜ਼ਰਵੇਟਿਵ ਪਾਰਟੀ ਦੇ ਸੰਜੇ ਸੇਨ ਦਾ ਹੈ ਜਿਹੜੇ ਲੇਬਰ ਪਾਰਟੀ ਦੇ ਵੇਲਸ ਤੋਂ ਕਿਸਮਤ ਅਜ਼ਮਾ ਰਹੇ ਹਨ। ਅਕਾਲ ਸਿੱਧੂ, ਨਰਿੰਦਰ ਸਿੰਘ ਸੇਖੋਂ, ਅੰਜਨਾ ਪਟੇਲ, ਸੀਮਾ ਸ਼ਾਹ, ਪਾਮ ਗੋਸ਼ਾਲ ਬੈਂਸ, ਭੂਪੇਨ ਦਵੇ, ਜੀਤ ਬੈਂਸ, ਕੰਵਲ ਤੂਰ ਗਿੱਲ, ਗੁਰਜੀਤ ਕੌਰ ਬੈਂਸ ਅਤੇ ਪਵਿੱਤਰ ਕੁਮਾਰ ਮਾਨ ਵੀ ਸਖ਼ਤ ਲੜਾਈ ਵਿਚ ਫਸੇ ਹਨ।